T20 WC: ਭਾਰਤ ਨੂੰ ਮਿਲੀ ਸੈਮੀਫਾਈਨਲ ਦੀ ਟਿਕਟ, ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾਇਆ
Sunday, Mar 01, 2026 - 10:58 PM (IST)
ਸਪੋਰਟਸ ਡੈਸਕ - ਆਈ.ਸੀ.ਸੀ. ਮੇਨਜ਼ ਟੀ-20 ਵਰਲਡ ਕੱਪ 2026 ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਕੋਲਕਾਤਾ ਦੇ ਮੈਦਾਨ 'ਤੇ ਖੇਡੇ ਗਏ 52ਵੇਂ ਮੁਕਾਬਲੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਉਸ ਦਾ ਵਰਲਡ ਕੱਪ ਦਾ ਸਫਰ ਖ਼ਤਮ ਕਰ ਦਿੱਤਾ ਹੈ। ਇਸ ਜਿੱਤ ਦੇ ਸਭ ਤੋਂ ਵੱਡੇ ਹੀਰੋ ਸੰਜੂ ਸੈਮਸਨ ਰਹੇ, ਜਿਨ੍ਹਾਂ ਨੇ ਨਾਬਾਦ 97 ਦੌੜਾਂ ਦੀ ਬੇਮਿਸਾਲ ਪਾਰੀ ਖੇਡੀ।
196 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (10) ਅਤੇ ਈਸ਼ਾਨ ਕਿਸ਼ਨ (10) ਜਲਦੀ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ (18) ਅਤੇ ਸੰਜੂ ਸੈਮਸਨ ਨੇ ਪਾਰੀ ਨੂੰ ਸੰਭਾਲਿਆ। ਸੈਮਸਨ ਨੇ ਮਹਿਜ਼ 26 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਅੰਤ ਤੱਕ ਕ੍ਰੀਜ਼ 'ਤੇ ਡਟੇ ਰਹੇ। ਤਿਲਕ ਵਰਮਾ ਨੇ 27 ਅਤੇ ਹਾਰਦਿਕ ਪਾਂਡਿਆ ਨੇ ਵੀ ਅਹਿਮ ਯੋਗਦਾਨ ਪਾਇਆ। ਭਾਰਤ ਨੇ ਇਹ ਟੀਚਾ 20ਵੇਂ ਓਵਰ ਵਿੱਚ ਹਾਸਲ ਕਰ ਲਿਆ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਸੂਰਿਆਕੁਮਾਰ ਯਾਦਵ ਨੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 195 ਦੌੜਾਂ ਬਣਾਈਆਂ। ਸ਼ਾਈ ਹੋਪ (32) ਅਤੇ ਰੋਸਟਨ ਚੇਜ਼ (40) ਨੇ ਚੰਗੀ ਸ਼ੁਰੂਆਤ ਦਿੱਤੀ। ਅੰਤ ਵਿੱਚ ਰੋਵਮੈਨ ਪਾਵੇਲ ਅਤੇ ਜੇਸਨ ਹੋਲਡਰ ਵਿਚਾਲੇ ਹੋਈ 76 ਦੌੜਾਂ ਦੀ ਸਾਂਝੇਦਾਰੀ ਨੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਦੋ ਅਤੇ ਵਰੁਣ ਚੱਕਰਵਰਤੀ ਤੇ ਹਾਰਦਿਕ ਪਾਂਡਿਆ ਨੇ ਇੱਕ-ਇੱਕ ਵਿਕਟ ਲਈ। ਸੈਮੀਫਾਈਨਲ ਦੀ ਟਿਕਟ ਪੱਕੀ ਕਰਨ ਤੋਂ ਬਾਅਦ ਹੁਣ ਭਾਰਤ ਦਾ ਮੁਕਾਬਲਾ 5 ਮਾਰਚ ਨੂੰ ਇੰਗਲੈਂਡ ਨਾਲ ਹੋਵੇਗਾ। ਇਹ ਅਹਿਮ ਮੈਚ ਮੁੰਬਈ ਦੇ ਮੈਦਾਨ 'ਤੇ ਖੇਡਿਆ ਜਾਵੇਗਾ।
