ਜਾਪਾਨ ਨੂੰ ਹਰਾ ਕੇ ਭਾਰਤ ਨੇ ਫਾਈਨਲ ਦੇ ਨਾਲ ਹੀ ਵਿਸ਼ਵ ਕੱਪ ਦੀ ਟਿਕਟ ਵੀ ਕੀਤੀ ਹਾਸਲ

06/11/2023 12:40:07 AM

ਕਾਕਾਮਿਘਾਰਾ/ਜਾਪਾਨ (ਭਾਸ਼ਾ) : ਸੁਨੇਲਿਤਾ ਟੋਪੋ ਦੇ ਮੈਦਾਨੀ ਗੋਲ ਦੇ ਦਮ ’ਤੇ ਭਾਰਤ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਰੋਮਾਂਚਕ ਸੈਮੀਫਾਈਨਲ ਮੁਕਾਬਲੇ ’ਚ ਜਾਪਾਨ ਨੂੰ 1-0 ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਪੱਕੀ ਕਰਨ ਦੇ ਨਾਲ ਹੀ ਐੱਫ. ਆਈ. ਐੱਚ. ਜੂਨੀਅਰ ਵਿਸ਼ਵ ਕੱਪ ਦੀ ਟਿਕਟ ਵੀ ਕਟਵਾ ਲਈ। ਇਸ ਜੂਨੀਅਰ ਵਿਸ਼ਵ ਕੱਪ ਦਾ ਆਯੋਜਨ 29 ਨਵੰਬਰ ਤੋਂ 10 ਦਸੰਬਰ ਤੱਕ ਸੈਂਟਿਆਗੋ ’ਚ ਹੋਵੇਗਾ। ਮਹਿਲਾ ਜੂਨੀਅਰ ਏਸ਼ੀਆ ਕੱਪ 2023 ਦੀਆਂ ਚੋਟੀ ਦੀਆਂ 3 ਟੀਮਾਂ ਵਿਸ਼ਵ ਪੱਧਰੀ ਪ੍ਰਤੀਯੋਗਤਾ ਲਈ ਕੁਆਲੀਫਾਈ ਕਰਨਗੀਆਂ। ਮੈਚ ਦੇ ਸ਼ੁਰੂਆਤੀ 3 ਕੁਆਰਟਰ ਗੋਲ ਰਹਿਤ ਡਰਾਅ ਰਹਿਣ ਤੋਂ ਬਾਅਦ ਸੁਨੇਲਿਤਾ ਨੇ 47ਵੇਂ ਮਿੰਟ ’ਚ ਮੈਦਾਨੀ ਗੋਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ। ਭਾਰਤ ਐਤਵਾਰ ਨੂੰ ਫਾਈਨਲ 'ਚ ਚੀਨ ਜਾਂ ਕੋਰੀਆ ਨਾਲ ਭਿੜੇਗਾ।

ਇਹ ਵੀ ਪੜ੍ਹੋ : ਪੈਰਿਸ ਡਾਇਮੰਡ ਲੀਗ : ਸ਼੍ਰੀਸ਼ੰਕਰ ਵੱਲੋਂ ਲੰਬੀ ਛਾਲ 'ਚ ਤੀਜਾ ਸਥਾਨ ਹਾਸਲ ਕਰਨ 'ਤੇ PM ਮੋਦੀ ਨੇ ਦਿੱਤੀ ਵਧਾਈ

ਇਨ੍ਹਾਂ ਦੋਵੇਂ ਟੀਮਾਂ ਨੂੰ ਇਸ ਸਖਤ ਮੁਕਾਬਲੇ ਵਿਚ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ‘ਸੇਟ ਪਿਸ’ ਉੱਤੇ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਭਾਰਤ ਨੇ ਹਮਲਾਵਰ ਤਰੀਕੇ ਨਾਲ ਮੈਚ ਦੀ ਸ਼ੁਰੂਆਤ ਕੀਤੀ ਤੇ ਗੇਂਦ ਨੂੰ ਜ਼ਿਆਦਾ ਸਮੇਂ ਤੱਕ ਆਪਣੇ ਕੋਲ ਰੱਖਣ ਦੇ ਨਾਲ ਜਾਪਾਨ ਦੇ ਸਰਕਲ ਕੋਲ ਦਬਦਬਾ ਬਣਾਇਆ। ਭਾਰਤ ਦੇ ਸ਼ੁਰੂਆਤੀ ਦਬਦਬੇ ਤੋਂ ਬਾਅਦ ਜਾਪਾਨ ਮੈਚ ’ਚ ਵਾਪਸੀ ਕਰਨ ਵਿਚ ਸਫਲ ਰਿਹਾ। ਸ਼ੁਰੂਆਤੀ ਕੁਆਰਟਰ ਦੇ ਆਖਰੀ ਮਿੰਟ ਤੋਂ ਪਹਿਲਾਂ ਜਾਪਾਨ ਨੇ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਭਾਰਤੀ ਗੋਲਕੀਪਰ ਮਾਧੁਰੀ ਕਿੰਡੋ ਨੇ ਕਮਜ਼ੋਰ ਡ੍ਰੈੱਗ ਫਿਲਕ ਨੂੰ ਆਸਾਨੀ ਨਾਲ ਬਲਾਕ ਕਰ ਦਿੱਤਾ। ਜਾਪਾਨ ਨੇ ਇਸ ਤੋਂ ਤੁਰੰਤ ਬਾਅਦ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਇਸ ਵਾਰ ਗੇਂਦ ਗੋਲ ਪੋਸਟ ਤੋਂ ਕਾਫੀ ਦੂਰ ਨਿਕਲ ਗਈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਚ 11 ਮੁੱਦੇ ਨਹੀਂ ਚਾਹੁੰਦੀ ਸਰਕਾਰ, ਜਲਦ ਪੇਸ਼ ਕੀਤਾ ਜਾਵੇਗਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ

ਦੂਜੇ ਕੁਆਰਟਰ ਦੇ ਤੀਜੇ ਮਿੰਟ ’ਚ ਜਾਪਾਨ ਨੇ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਮਾਧੁਰੀ ਨੇ ਫਿਰ ਤੋਂ ਚੰਗਾ ਬਚਾਅ ਕੀਤਾ। ਇਸ ਤੋਂ ਅਗਲੇ ਮਿੰਟ ’ਚ ਗੋਲਕੀਪਰ ਮਿਸਾਕੀ ਸੈਤੋ ਨੇ ਭਾਰਤੀ ਖਿਡਾਰਨ ਵੈਸ਼ਣਵੀ ਫਾਲਕੇ ਦੇ ਪੈਨਲਟੀ ਕਾਰਨਰ ਨੂੰ ਅਸਫਲ ਕਰ ਦਿੱਤਾ। ਹਾਫ ਤੋਂ ਪਹਿਲਾਂ ਦੋਵੇਂ ਟੀਮਾਂ ਨੇ ਪੂਰਾ ਦਮਖਮ ਲਗਾਇਆ ਪਰ ਕਿਸੇ ਨੂੰ ਸਫਲਤਾ ਨਹੀਂ ਮਿਲੀ। ਗੋਲ ਪਾਸੇ ਦੇ ਬਦਲਾਅ ਤੋਂ ਬਾਅਦ ਜਾਪਾਨ ਨੇ ਗੇਂਦ ਨੂੰ ਆਪਣੇ ਪਾਲੇ ਵਿਚ ਜ਼ਿਆਦਾ ਰੱਖਣ ਦੀ ਕੋਸ਼ਿਸ਼ ਕੀਤੀ ਤੇ ਫਿਰ ਹਮਲਾਵਰ ਰੁਖ ਅਪਣਾਉਂਦਿਆਂ ਭਾਰਤ ’ਤੇ ਦਬਾਅ ਬਣਾ ਦਿੱਤਾ। ਭਾਰਤੀ ਟੀਮ ਨੂੰ ਹਾਲਾਂਕਿ 39ਵੇਂ ਮਿੰਟ ਵਿਚ ਬੜ੍ਹਤ ਲੈਣ ਦਾ ਸੁਨਹਿਰੀ ਮੌਕਾ ਮਿਲਿਆ। ਅਨੂ ਹਾਲਾਂਕਿ ਪੈਨਲਟੀ ਸਟ੍ਰੋਕ ਗੋਲ ਵਿਚ ਬਦਲਣ ਵਿਚ ਅਸਫਲ ਰਹੀ। ਇਸ ਤੋਂ ਬਾਅਦ ਭਾਰਤੀ ਟੀਮ ਇਕ ਵਾਰ ਫਿਰ ਪੈਨਲਟੀ ਕਾਰਨਰ ਹਾਸਲ ਕਰਨ ’ਚ ਸਫਲ ਰਹੀ ਪਰ ਉਸ ਨੂੰ ਇਸ ਵਾਰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਭਾਰਤ ਤੇ ਸਰਬੀਆ 1 ਅਰਬ ਯੂਰੋ ਦੇ ਦੁਵੱਲੇ ਵਪਾਰ ਲਈ ਸਹਿਮਤ

ਭਾਰਤ ਨੇ ਮੈਚ ਦੇ ਆਖਰੀ ਕੁਆਰਟਰ ’ਚ ਟੋਪੋ ਦੇ ਗੋਲ ਨਾਲ ਇਸ ਅੜਿੱਕੇ ਨੂੰ ਖਤਮ ਕੀਤਾ। ਮਹਿਮਾ ਟੇਟੇ ਤੇ ਜਯੋਤੀ ਸ਼ੇਤਰੀ ਦੇ ਬਣਾਏ ਮੌਕੇ ਨੂੰ ਟੋਪੋ ਨੇ ਗੋਲ ਵਿਚ ਬਦਲ ਕੇ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ। ਬੜ੍ਹਤ ਲੈਣ ਤੋਂ ਬਾਅਦ ਭਾਰਤੀ ਖਿਡਾਰਨਾਂ ਨੇ ਹਮਲੇ ਤੇਜ਼ ਕਰ ਦਿੱਤੇ ਪਰ ਉਨ੍ਹਾਂ ਨੂੰ ਇਸ ਦਾ ਫਾਇਦਾ ਨਹੀਂ ਮਿਲਿਆ। ਮਾਧੁਰੀ ਨੇ ਮੈਚ ਦੇ ਆਖਰੀ ਪਲਾਂ ’ਚ ਜਾਪਾਨ ਦੇ ਪੈਨਲਟੀ ਕਾਰਨਰ ’ਤੇ ਇਕ ਹੋਰ ਸ਼ਾਨਦਾਰ ਬਚਾਅ ਕਰਕੇ ਟੀਮ ਨੂੰ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News