ਆਸਟਰੇਲੀਆ ਨੂੰ ਹਰਾ ਕੇ ਭਾਰਤੀ ਟੀਮ ਬਣ ਸਕਦੀ ਹੈ ''ਨੰਬਰ ਵਨ''

09/07/2017 4:18:31 PM

ਨਵੀਂ ਦਿੱਲੀ— ਸ਼੍ਰੀਲੰਕਾ ਨੂੰ ਹਰਾਉਣ ਦੇ ਬਾਅਦ ਹੁਣ ਭਾਰਤੀ ਟੀਮ ਘਰੇਲੂ ਸੀਰੀਜ਼ ਵਿਚ ਆਸਟਰੇਲੀਆ ਖਿਲਾਫ ਖੇਡੇਗੀ। ਆਸਟਰੇਲੀਆਈ ਟੀਮ ਭਾਰਤ ਵਿਚ ਪੰਜ ਵਨਡੇ ਅਤੇ ਤਿੰਨ ਟੀ-20 ਮੈਚ ਖੇਡੇਗੀ। ਸਟੀਵ ਸਮਿਥ ਦੀ ਕਪਤਾਨੀ ਵਿਚ ਆਸਟਰੇਲੀਆਈ ਟੀਮ ਕਾਫ਼ੀ ਮਜ਼ਬੂਤ ਹੈ। ਉਹ ਵਿਸ਼ਵ ਵਿਚ ਦੂਜੇ ਨੰਬਰ ਦੀ ਟੀਮ ਹੈ। ਦੱਖਣ ਅਫਰੀਕਾ ਪਹਿਲੇ ਨੰਬਰ ਉੱਤੇ ਕਾਬਜ਼ ਹੈ। ਭਾਰਤੀ ਟੀਮ ਫਿਲਹਾਲ ਰੈਂਕਿੰਗ ਵਿਚ ਤੀਸਰੇ ਨੰਬਰ ਉੱਤੇ ਚੱਲ ਰਹੀ ਹੈ।
ਨੰਬਰ ਇਕ ਬਣਨ ਦਾ ਮੌਕਾ
ਜੇਕਰ ਭਾਰਤੀ ਟੀਮ ਵਨਡੇ ਸੀਰੀਜ਼ ਵਿਚ ਆਸਟਰੇਲੀਆ ਨੂੰ ਹਰਾ ਦਿੰਦੀ ਹੈ ਤਾਂ ਉਹ ਰੈਂਕਿੰਗ ਵਿਚ ਨੰਬਰ ਇਕ ਹੋ ਸਕਦੀ ਹੈ। ਹੁਣ ਭਾਰਤੀ ਟੀਮ ਆਸਟਰੇਲੀਆ ਤੋਂ ਸਿਰਫ਼ ਕੁਝ ਦਸ਼ਮਲਵ ਅੰਕਾਂ ਨਾਲ ਹੀ ਪਿੱਛੇ ਹੈ। ਸ਼੍ਰੀਲੰਕਾ ਵਿਚ ਵਿਰਾਟ ਕੋਹਲੀ ਦੀ ਲੀਡਰਸ਼ਿਪ ਵਿਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਕਰਾਰੀ ਹਾਰ ਦਿੱਤੀ ਹੈ। ਲਿਹਾਜ਼ਾ ਉਮੀਦ ਹੈ ਕਿ ਅਗਲੀ ਸੀਰੀਜ਼ ਵਿਚ ਕੰਗਾਰੂਆਂ ਨੂੰ ਹਰਾ ਕੇ ਭਾਰਤੀ ਟੀਮ ਨੰਬਰ ਇਕ ਬਣ ਸਕਦੀ ਹੈ।
ਪਹਿਲਾ ਵਨਡੇ 17 ਸਤੰਬਰ ਨੂੰ
ਆਸਟਰੇਲੀਆਈ ਟੀਮ ਦਾ ਭਾਰਤ ਦੌਰਾ 27 ਦਿਨਾਂ ਦਾ ਹੈ। ਪਹਿਲਾ ਵਨਡੇ ਚੇਨਈ ਵਿਚ 17 ਸਤੰਬਰ ਨੂੰ ਖੇਡਿਆ ਜਾਵੇਗਾ। 21 ਸਤੰਬਰ ਨੂੰ ਕੋਲਕਾਤਾ ਵਿਚ ਦੂਜਾ ਅਤੇ 24 ਸਤੰਬਰ ਨੂੰ ਇੰਦੌਰ ਵਿਚ ਤੀਜਾ ਵਨਡੇ ਖੇਡਿਆ ਜਾਵੇਗਾ। 28 ਸਤੰਬਰ ਨੂੰ ਚੌਥਾ ਵਨਡੇ ਬੈਂਗਲੁਰੂ ਵਿਚ ਹੋਵੇਗਾ। ਸੀਰੀਜ ਦਾ ਪੰਜਵਾਂ ਅਤੇ ਆਖਰੀ ਵਨਡੇ ਨਾਗਪੁਰ ਵਿਚ 1 ਅਕਤੂਬਰ ਨੂੰ ਖੇਡਿਆ ਜਾਵੇਗਾ।
ਤਿੰਨ ਟੀ-20 ਮੈਚ ਹੋਣਗੇ
ਟੀ-20 ਸੀਰੀਜ਼ ਦਾ ਪਹਿਲਾ ਮੈਚ 7 ਅਕਤੂਬਰ ਨੂੰ ਰਾਂਚੀ ਵਿਚ ਖੇਡਿਆ ਜਾਵੇਗਾ। 10 ਅਕਤੂਬਰ ਨੂੰ ਦੂਜਾ ਮੈਚ ਗੁਹਾਟੀ ਵਿਚ ਹੋਵੇਗਾ। ਸੀਰੀਜ ਦਾ ਆਖਰੀ ਮੈਚ 13 ਅਕਤੂਬਰ ਨੂੰ ਹੈਦਰਾਬਾਦ ਵਿਚ ਆਯੋਜਿਤ ਹੋਵੇਗਾ।


Related News