ਏਸ਼ੀਆਈ ਚੈਂਪੀਅਨਜ਼ ਟਰਾਫੀ : ਹਰਮਨਪ੍ਰੀਤ ਦੇ ਦੋ ਗੋਲਾਂ ਨਾਲ ਭਾਰਤ ਨੇ ਪਾਕਿ ਨੂੰ 3-1 ਨਾਲ ਹਰਾਇਆ

Friday, Dec 17, 2021 - 05:14 PM (IST)

ਢਾਕਾ : ਉਪ-ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤ ਨੇ ਸ਼ੁੱਕਰਵਾਰ ਇਥੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 3-1 ਨਾਲ ਹਰਾ ਕੇ ਏਸ਼ੀਆਈ ਚੈਂਪੀਅਨਜ਼ ਟਰਾਫੀ (ਏ. ਸੀ. ਟੀ.) ਪੁਰਸ਼ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਆਪਣੀ ਥਾਂ ਲੱਗਭਗ ਪੱਕੀ ਕਰ ਲਈ ਹੈ। ਹਰਮਨਪ੍ਰੀਤ ਨੇ 8ਵੇਂ ਅਤੇ 53ਵੇਂ ਮਿੰਟ ’ਚ ਦੋ ਪੈਨਲਟੀ ਕਾਰਨਰਾਂ ਨੂੰ ਗੋਲ ’ਚ ਬਦਲਿਆ, ਜਦਕਿ ਟੋਕੀਓ ਓਲੰਪਿਕ ਟੀਮ ’ਚ ਜਗ੍ਹਾ ਨਾ ਬਣਾਉਣ ਵਾਲੇ ਆਕਾਸ਼ਦੀਪ ਨੇ 42ਵੇਂ ਮਿੰਟ ’ਚ ਮੈਦਾਨੀ ਗੋਲ ਕੀਤਾ, ਜੋ ਟੂਰਨਾਮੈਂਟ ਦਾ ਉਸ ਦਾ ਦੂਜਾ ਗੋਲ ਹੈ। ਪਾਕਿਸਤਾਨ ਵੱਲੋਂ 45ਵੇਂ ਮਿੰਟ ’ਚ ਜੁਨੈਦ ਮਨਜ਼ੂਰ ਨੇ ਇਕਲੌਤਾ ਗੋਲ ਕੀਤਾ। ਭਾਰਤ ਦੀ ਟੂਰਨਾਮੈਂਟ ’ਚ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੂੰ 9-0 ਨਾਲ ਹਰਾਇਆ ਸੀ। ਪਾਕਿਸਤਾਨ ਅਜੇ ਵੀ ਆਪਣੀ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਿਹਾ ਹੈ। ਉਸ ਨੇ ਆਪਣਾ ਪਹਿਲਾ ਮੈਚ ਜਾਪਾਨ ਖ਼ਿਲਾਫ਼ ਗੋਲ ਰਹਿਤ ਡਰਾਅ ਖੇਡਿਆ ਸੀ।

ਭਾਰਤ ਨੇ ਆਪਣਾ ਪਹਿਲਾ ਮੈਚ ਕੋਰੀਆ ਖ਼ਿਲਾਫ 2-2 ਨਾਲ ਡਰਾਅ ਖੇਡਿਆ ਸੀ। ਭਾਰਤ ਇਸ ਸਮੇਂ ਤਿੰਨ ਮੈਚਾਂ ’ਚ ਸੱਤ ਅੰਕਾਂ ਨਾਲ ਅੰਕ ਸੂਚੀ ’ਚ ਸਿਖ਼ਰ ’ਤੇ ਹੈ ਅਤੇ ਰਾਊਂਡ ਰੌਬਿਨ ਦੇ ਆਧਾਰ ’ਤੇ ਖੇਡੇ ਜਾ ਰਹੇ ਪੰਜ ਦੇਸ਼ਾਂ ਦੇ ਟੂਰਨਾਮੈਂਟ ’ਚ ਐਤਵਾਰ ਨੂੰ ਜਾਪਾਨ ਨਾਲ ਭਿੜੇਗਾ। ਪਾਕਿਸਤਾਨ ਦਾ ਫਿਲਹਾਲ ਦੋ ਮੈਚਾਂ ’ਚ ਸਿਰਫ ਇਕ ਅੰਕ ਹੈ। ਮਸਕਟ ’ਚ ਖੇਡੇ ਗਏ ਪਿਛਲੇ ਟੂਰਨਾਮੈਂਟ ’ਚ ਭਾਰਤ ਅਤੇ ਪਾਕਿਸਤਾਨ ਸਾਂਝੇ ਤੌਰ 'ਤੇ ਜੇਤੂ ਰਹੇ ਸਨ। ਉਦੋਂ ਫਾਈਨਲ ਮੈਚ ਮੀਂਹ ਕਾਰਨ ਨਹੀਂ ਹੋ ਸਕਿਆ ਸੀ।

 

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News