ਭਾਰਤ ਨੇ ਦੂਜੇ ਟੀ-20 'ਚ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ

03/09/2018 12:25:28 AM

ਕੋਲੰਬੋ— ਓਪਨਰ ਸ਼ਿਖਰ ਧਵਨ (55) ਤੇ ਸੁਰੇਸ਼ ਰੈਨਾ (28) ਵਿਚਾਲੇ ਤੀਜੀ ਵਿਕਟ ਲਈ ਹੋਈ 68 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਤਿਕੋਣੀ  ਟੀ-20 ਸੀਰੀਜ਼ ਦੇ ਆਪਣੇ ਦੂਜੇ ਮੈਚ ਵਿਚ ਵੀਰਵਾਰ ਨੂੰ ਬੰਗਲਾਦੇਸ਼ ਨੂੰ 8 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਦਿੱਤਾ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ ਨਿਰਧਾਰਤ 20 ਓਵਰਾਂ ਵਿਚ 8 ਵਿਕਟਾਂ 'ਤੇ 139 ਦੌੜਾਂ 'ਤੇ ਰੋਕ ਦਿੱਤਾ ਤੇ ਫਿਰ 18.4 ਓਵਰਾਂ ਵਿਚ 4 ਵਿਕਟਾਂ 'ਤੇ 140 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਮੇਜ਼ਬਾਨ ਸ਼੍ਰੀਲੰਕਾ ਹੱਥੋਂ ਪਹਿਲੇ ਮੁਕਾਬਲੇ ਵਿਚ ਪੰਜ ਵਿਕਟਾਂ ਨਾਲ ਹਾਰ ਜਾਣ ਤੋਂ ਬਾਅਦ ਭਾਰਤ ਨੇ ਇਥੇ ਸ਼ਾਨਦਾਰ ਵਾਪਸੀ ਕੀਤੀ।
ਸ਼ਿਖਰ ਨੇ ਸੀਰੀਜ਼ ਵਿਚ ਆਪਣਾ ਲਗਾਤਾਰ ਦੂਜਾ ਅਰਧ ਸੈਂਕੜਾ ਲਾਇਆ। ਉਸ ਨੇ ਸ਼੍ਰੀਲੰਕਾ ਵਿਰੁੱਧ ਵੀ ਪਹਿਲੇ ਮੈਚ ਵਿਚ 90 ਦੌੜਾਂ ਦੀ ਸਰਵਸ੍ਰੇਸ਼ਠ ਪਾਰੀ ਖੇਡੀ ਸੀ ਤੇ ਇਸ ਮੈਚ ਵਿਚ ਵੀ 55 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦੀ ਮੰਜ਼ਿਲ ਤਕ ਪਹੁੰਚਾ ਦਿੱਤਾ। ਸ਼ਿਖਰ ਨੇ ਆਪਣੇ ਕਰੀਅਰ ਦਾ ਛੇਵਾਂ ਅਰਧ ਸੈਂਕੜਾ ਲਾਇਆ। ਉਸ ਨੇ 43 ਗੇਂਦਾਂ 'ਤੇ 5 ਚੌਕਿਆਂ  ਤੇ 2 ਛੱਕਿਆਂ ਦੀ ਬਦੌਲਤ 55 ਦੌੜਾਂ ਬਣਾਈਆਂ। 
ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਤ (38 ਦੌੜਾਂ 'ਤੇ 3 ਵਿਕਟਾਂ) ਤੇ ਵਿਜੇ ਸ਼ੰਕਰ (32 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ  ਬੰਗਲਾਦੇਸ਼ ਨੂੰ ਨਿਰਧਾਰਤ 20 ਓਵਰਾਂ ਵਿਚ 8 ਵਿਕਟਾਂ 'ਤੇ 139 ਦੌੜਾਂ 'ਤੇ ਰੋਕਿਆ ਸੀ। 
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਲਈ ਓਪਨਰ ਤਮੀਮ ਇਕਬਾਲ (15) ਤੇ ਸੌਮਿਆ ਸਰਕਾਰ ਨੇ ਪਹਿਲੀ ਵਿਕਟ ਲਈ 20 ਦੌੜਾਂ ਜੋੜੀਆਂ। ਸਰਕਾਰ 12 ਗੇਂਦਾਂ 'ਤੇ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 14 ਦੌੜਾਂ ਬਣਾ ਕੇ ਜੈਦੇਵ ਉਨਾਦਕਤ ਦੀ ਗੇਂਦ 'ਤੇ ਯੁਜਵੇਂਦਰ ਚਾਹਲ ਨੂੰ ਕੈਚ ਦੇ ਬੈਠਾ। ਸਰਕਾਰ ਦੇ ਆਊਟ ਹੁੰਦੇ ਹੀ ਲਗਾਤਾਰ ਫਰਕ 'ਤੇ ਵਿਕਟਾਂ ਡਿੱਗਣ ਕਾਰਨ ਬੰਗਲਾਦੇਸ਼ ਦੀ ਟੀਮ 8 ਵਿਕਟਾਂ 'ਤੇ 139 ਦੌੜਾਂ ਹੀ ਬਣਾ ਸਕੀ।
 


Related News