ਭਾਰਤੀ ਟੀਮ ਤੇ ਆਰ. ਅਸ਼ਵਿਨ ਟੈਸਟ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ

Thursday, Jul 06, 2023 - 02:51 PM (IST)

ਭਾਰਤੀ ਟੀਮ ਤੇ ਆਰ. ਅਸ਼ਵਿਨ ਟੈਸਟ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ

ਦੁਬਈ (ਭਾਸ਼ਾ)– ਭਾਰਤੀ ਟੀਮ ਤੇ ਆਫ ਸਪਿਨਰ ਆਰ. ਅਸ਼ਵਿਨ ਬੁੱਧਵਾਰ ਨੂੰ ਜਾਰੀ ਤਾਜਾ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਚੋਟੀ ’ਤੇ ਬਰਕਰਾਰ ਹਨ, ਜਦਕਿ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਇੰਗਲੈਂਡ ਦੇ ਜੋ ਰੂਟ ਨੂੰ ਪਛਾੜ ਕੇ ਨੰਬਰ-1 ਬੱਲੇਬਾਜ਼ ਬਣ ਗਿਆ ਹੈ। ਪਿਛਲੇ ਮਹੀਨੇ ਆਸਟਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਗਵਾਉਣ ਵਾਲੀ ਭਾਰਤੀ ਟੀਮ ਪਹਿਲੇ ਸਥਾਨ ’ਤੇ ਬਣੀ ਹੋਈ ਹੈ। ਅਸ਼ਵਿਨ ਵੀ ਗੇਂਦਬਾਜ਼ਾਂ ਦੀ ਸੂਚੀ ਵਿਚ ਪਹਿਲੇ ਸਥਾਨ ’ਤੇ ਹੈ। ਇਸ ਸੀਨੀਅਰ ਆਫ ਸਪਿਨਰ ਦੇ 860 ਅੰਕ ਹਨ। ਆਸਟਰੇਲੀਆ ਦਾ ਕਪਤਾਨ ਪੈਟ ਕਮਿੰਸ 2 ਸਥਾਨਾਂ ਦੇ ਫਾਇਦੇ ਨਾਲ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਉਸਦੇ 826 ਅੰਕ ਹਨ। ਭਾਰਤ ਦਾ ਹੀ ਰਵਿੰਦਰ ਜਡੇਜਾ ਆਲਰਾਊਂਡਰਾਂ ਦੀ ਸੂਚੀ ਵਿਚ 434 ਅੰਕਾਂ ਨਾਲ ਚੋਟੀ ’ਤੇ ਬਰਕਰਾਰ ਹੈ। ਅਸ਼ਵਿਨ ਵੀ ਇਸ ਸੂਚੀ ਵਿਚ ਦੂਜੇ ਸਥਾਨ ’ਤੇ ਬਣਿਆ ਹੋਇਆ ਹੈ ਪਰ ਅਕਸ਼ਰ ਪਟੇਲ ਆਲਰਾਊਂਡਰਾਂ ਦੀ ਸੂਚੀ ਵਿਚ 5ਵੇਂ ਸਥਾਨ ’ਤੇ ਖਿਸਕ ਗਿਆ ਹੈ।

ਪਿਛਲੇ ਸਾਲ ਦਸੰਬਰ ਵਿਚ ਕਾਰ ਹਾਦਸੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਤੋਂ ਕ੍ਰਿਕਟ ਤੋਂ ਦੂਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 10ਵੇਂ ਨੰਬਰ ਦੇ ਨਾਲ ਭਾਰਤ ਦਾ ਚੋਟੀ ਦਾ ਬੱਲੇਬਾਜ਼ ਹੈ। ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਕ੍ਰਮਵਾਰ 12ਵੇਂ ਤੇ 14ਵੇਂ ਸਥਾਨ ’ਤੇ ਹਨ। ਸ਼ੁਭਮਨ ਗਿੱਲ ਵਨ ਡੇ ਕੌਮਾਂਤਰੀ ਬੱਲੇਬਾਜ਼ੀ ਰੈਂਕਿੰਗ ਵਿਚ 5ਵੇਂ ਸਥਾਨ ’ਤੇ ਹੈ ਜਦਕਿ ਕੋਹਲੀ (8ਵੇਂ) ਤੇ ਰੋਹਿਤ (10ਵੇਂ) ਵੀ ਟਾਪ-10 ਵਿਚ ਸ਼ਾਮਲ ਹੈ। ਮੁਹੰਮਦ ਸਿਰਾਜ ਗੇਂਦਬਾਜ਼ਾਂ ਦੀ ਸੂਚੀ ਵਿਚ ਟਾਪ-10 ਵਿਚ ਸ਼ਾਮਲ ਇਕਲੌਤਾ ਭਾਰਤੀ ਹੈ। ਉਹ ਦੂਜੇ ਸਥਾਨ ’ਤੇ ਹੈ। ਇੰਗਲੈਂਡ ਦਾ ਸਾਬਕਾ ਟੈਸਟ ਕਪਤਾਨ ਰੂਟ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ, ਜਿਸ ਨਾਲ ਵਿਲੀਅਮਸਨ ਇਕ ਵਾਰ ਫਿਰ ਨੰਬਰ-ਇਕ ਬੱਲੇਬਾਜ਼ ਬਣ ਗਿਆ ਹੈ। ਵਿਲੀਅਮਸਨ ਛੇਵੀਂ ਵਾਰ ਰੈਂਕਿੰਗ ਦੇ ਚੋਟੀ ’ਤੇ ਪਹੁੰਚਿਆ ਹੈ। ਉਸ ਨੇ ਪਹਿਲੀ ਵਾਰ ਨਵੰਬਰ 2015 ਵਿਚ ਚੋਟੀ ਰੈਂਕਿੰਗ ਹਾਸਲ ਕੀਤੀ ਸੀ। ਉਹ ਪਿਛਲੀ ਵਾਰ ਅਗਸਤ 2021 ਵਿਚ ਨੰਬਰ ਇਕ ਬੱਲੇਬਾਜ਼ ਬਣਿਆ ਸੀ।

ਇੰਗਲੈਂਡ ਵਿਰੁੱਧ ਦੂਜੇ ਏਸ਼ੇਜ਼ ਟੈਸਟ ਵਿਚ 110 ਤੇ 34 ਦੌੜਾਂ ਦੀਆਂ ਪਾਰੀਆਂ ਖੇਡ ਕੇ ‘ਮੈਨ ਆਫ ਦਿ ਮੈਚ’ ਬਣਿਆ ਆਸਟਰੇਲੀਆ ਦਾ ਸਟੀਵ ਸਮਿਥ ਚਾਰ ਸਥਾਨਾਂ ਦੀ ਛਲਾਂਗ ਨਾਲ ਦੂਜੇ ਨੰਬਰ ’ਤੇ ਪਹੁੰਚ ਗਿਆ ਹੈ। ਸਮਿਥ ਨੇ ਪਿਛਲੀ ਵਾਰ ਜੂਨ 2021 ਵਿਚ ਵਿਲੀਅਮਸਨ ਨੂੰ ਪਛਾੜ ਕੇ ਚੋਟੀ ਰੈਂਕਿੰਗ ਹਾਸਲ ਕੀਤੀ ਸੀ। ਉਹ ਕੁਝ ਹਫਤਿਆਂ ਲਈ ਚੋਟੀ ’ਤੇ ਰਿਹਾ ਸੀ, ਜਿਸ ਤੋਂ ਬਾਅਦ ਵਿਲੀਅਮਸਨ ਦੁਬਾਰਾ ਨੰਬਰ ਇਕ ਬੱਲੇਬਾਜ਼ ਬਣਿਆ ਸੀ। ਬੱਲੇਬਾਜ਼ਾਂ ਦੀ ਸੂਚੀ ਵਿਚ ਚੋਟੀ ਦੇ ਸਥਾਨਾਂ ਲਈ ਸਖਤ ਸੰਘਰਸ਼ ਹੈ। ਹਫਤੇ ਬਾਅਦ ਜਾਰੀ ਹੋਣ ਵਾਲੀ ਰੈਂਕਿੰਗ ਅਪਡੇਟ ਵਿਚ ਵਿਲੀਅਮਸਨ ਦੇ 833 ਰੇਟਿੰਗ ਅੰਕਾਂ ਤੋਂ ਸਮਿਥ ਸਿਰਫ 1 ਅੰਕ ਪਿੱਛੇ ਹੈ। ਤੀਜੇ ਸਥਾਨ ’ਤੇ ਮੌਜੂਦ ਮਾਰਨਸ ਲਾਬੂਸ਼ੇਨ (873) ਤੇ ਟ੍ਰੈਵਿਸ ਹੈੱਡ ਵਿਚਾਲੇ ਵੀ ਸਿਰਫ ਇਕ ਅੰਕ ਦਾ ਫਰਕ ਹੈ। ਇੰਗਲੈਂਡ ਦਾ ਬੱਲੇਬਾਜ਼ ਬੇਨ ਡਕੇਟ 24 ਸਥਾਨਾਂ ਦੀ ਛਲਾਂਗ ਨਾਲ ਪਹਿਲੀ ਵਾਰ ਟਾਪ-20 ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ। ਉਸ ਨੇ ਦੂਜੇ ਏਸ਼ੇਜ਼ ਟੈਸਟ ਵਿਚ 98 ਤੇ 83 ਦੌੜਾਂ ਦੀਆਂ ਪਾਰੀਆਂ ਖੇਡੀਆਂ। ਦੂਜੀ ਪਾਰੀ ਵਿਚ 155 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਦਾ ਕਪਤਾਨ ਬੇਨ ਸਟੋਕਸ ਵੀ 9 ਸਥਾਨਾਂ ਦੀ ਛਲਾਂਗ ਨਾਲ 23ਵੇਂ ਸਥਾਨ ’ਤੇ ਹੈ।


author

cherry

Content Editor

Related News