ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ 2-1 ਨਾਲ ਹਰਾਇਆ

Saturday, Aug 17, 2019 - 12:58 PM (IST)

ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ 2-1 ਨਾਲ ਹਰਾਇਆ

ਟੋਕੀਓ— ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਮੇਜ਼ਬਾਨ ਜਾਪਾਨ 'ਤੇ 2-1 ਨਾਲ ਜਿੱਤ ਹਾਸਲ ਕਰਕੇ ਓਲੰਪਿਕ ਟੈਸਟ ਪ੍ਰਤੀਯੋਗਿਤਾ 'ਚ ਆਪਣੀ ਮੁਹਿੰਮ ਸ਼ੁਰੂ ਕੀਤੀ। ਭਾਰਤ ਨੇ ਪੈਨਲਟੀ ਕਾਰਨਰ ਮਾਹਿਰ ਗੁਰਜੀਤ ਕੌਰ ਦੀ ਮਦਦ ਨਾਲ ਨੌਵੇਂ ਹੀ ਮਿੰਟ 'ਚ ਬੜ੍ਹਤ ਬਣਾ ਲਈ ਸੀ ਪਰ ਮੇਜ਼ਬਾਨ ਟੀਮ ਨੇ 16ਵੇਂ ਮਿੰਟ 'ਚ ਅਕੀ ਮਿਤਸੁਹਾਸੀ ਦੇ ਮੈਦਾਨੀ ਗੋਲ ਨਾਲ 1-1 ਦੀ ਬਰਾਬਰੀ ਹਾਸਲ ਕੀਤੀ। ਹਾਲਾਂਕਿ ਗੁਰਜੀਤ ਨੇ ਫਿਰ 35ਵੇਂ ਮਿੰਟ 'ਚ ਪੈਨਲਟੀ ਕਾਰਨਰ ਨਾਲ ਗੋਲ ਕਰਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ ਜੋ ਫੈਸਲਾਕੁੰਨ ਰਿਹਾ। ਭਾਰਤੀ ਟੀਮ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਪਹਿਲੇ 10 ਮਿੰਟ 'ਚ ਹੀ ਉਸ ਨੂੰ ਕੁਝ ਮੌਕੇ ਮਿਲ ਗਏ। ਦੋਵੇਂ ਟੀਮਾਂ ਓਲੰਪਿਕ ਖੇਡਾਂ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ 16 ਖਿਡਾਰੀਆਂ ਦੇ ਨਾਲ ਖੇਡ ਰਹੀਆਂ ਸਨ। 

ਦੋਹਾਂ ਟੀਮਾਂ ਨੇ ਸਮੇਂ-ਸਮੇਂ 'ਤੇ ਪੂਰੇ ਮੈਚ ਦੇ ਦੌਰਾਨ ਖਿਡਾਰਨਾਂ ਨੂੰ ਅੰਦਰ-ਬਾਹਰ ਕੀਤਾ। ਭਾਰਤੀ ਟੀਮ ਜ਼ਿਆਦਾ ਹਮਲਾਵਰ ਸੀ, ਹਾਲਾਂਕਿ ਦੋਵੇਂ ਟੀਮਾਂ ਇਕ ਦੂਜੇ ਦੀ ਰਣਨੀਤੀ ਨੂੰ ਚੰਗੀ ਤਰ੍ਹਾਂ ਸਮਝ ਰਹੀਆਂ ਸਨ ਕਿਉਂਕਿ ਦੋਵੇਂ ਟੀਮਾਂ ਪਿਛਲੇ ਦੋ ਸਾਲਾਂ 'ਚ ਆਪਸ 'ਚ ਕਾਫੀ ਵਾਰ ਖੇਡੀਆਂ ਹਨ। ਹਾਫ ਟਾਈਮ ਤਕ ਸਕੋਰ 1-1 ਰਿਹਾ। ਤੀਜੇ ਕੁਆਰਟਰ 'ਚ ਭਾਰਤੀ ਟੀਮ ਨੇ ਸ਼ੁਰੂ 'ਚ ਦਬਦਬਾ ਬਣਾਇਆ ਅਤੇ 35ਵੇਂ ਮਿੰਟ 'ਚ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ। 23 ਸਾਲਾ ਗੁਰਜੀਤ ਨੇ ਇਸ ਮੌਕੇ ਦਾ ਪੂਰਾ ਲਾਹਾ ਲੈਂਦੇ ਹੋਏ ਗੋਲ ਕਰ ਦਿੱਤਾ। ਮੇਜ਼ਬਾਨ ਟੀਮ ਨੇ ਬਚੇ ਹੋਏ ਸਮੇਂ 'ਚ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਖਿਡਾਰਨਾਂ ਮੌਕਿਆਂ ਦਾ ਲਾਹਾ ਨਹੀਂ ਲੈ ਸਕੀਆਂ।


author

Tarsem Singh

Content Editor

Related News