ਭਾਰਤ ਦੇ ਕ੍ਰਿਸ਼ਣਾ ਨਾਗਰ ਨੇ ਪੈਰਾ-ਬੈਡਮਿੰਟਨ ''ਚ ਜਿੱਤੇ 2 ਸੋਨ ਤਮਗੇ
Monday, Apr 08, 2019 - 11:17 PM (IST)

ਨਵੀਂ ਦਿੱਲੀ- ਜਕਾਰਤਾ ਪੈਰਾ-ਏਸ਼ੀਆਈ ਖੇਡਾਂ 'ਚ ਕਾਂਸੀ ਤਮਗਾ ਜਿੱਤਣ ਵਾਲੇ ਭਾਰਤ ਦੇ ਕ੍ਰਿਸ਼ਣਾ ਨਾਗਰ ਨੇ ਦੁਬਈ 'ਚ ਸਮਾਪਤ ਹੋਈ ਦੂਜੀ ਫਾਜਾ ਦੁਬਈ ਪੈਰਾ-ਬੈਡਮਿੰਟਨ ਅੰਤਰਰਾਸ਼ਟਰੀ ਚੈਂਪੀਅਨਸ਼ਿਪ 'ਚ 2 ਸੋਨ ਤਮਗੇ ਜਿੱਤ ਲਏ। ਸ਼ਬਾਬ ਅਲ ਆਹਲੀ ਕਲੱਬ 'ਚ ਐਤਵਾਰ ਨੂੰ ਸਮਾਪਤ ਹੋਈ ਇਸ ਚੈਂਪੀਅਨਸ਼ਿਪ 'ਚ ਕ੍ਰਿਸ਼ਣਾ ਨੇ ਪੁਰਸ਼ ਸਿੰਗਲ ਐੱਸ. ਐੱਸ. 6 ਫਾਈਨਲਸ ਵਿਚ ਇੰਗਲੈਂਡ ਦੇ ਕ੍ਰਿਸਟਨ ਕੂੰਬਸ ਨੂੰ 20-22, 25-23, 21-12 ਨਾਲ ਹਰਾ ਕੇ ਸੋਨ ਤਮਗਾ ਜਿੱਤ ਲਿਆ। ਕ੍ਰਿਸ਼ਣਾ ਨੇ ਇਸ ਤੋਂ ਬਾਅਦ ਰਾਜਾ ਮਾਗੋਤਰਾ ਨਾਲ ਮਿਕਸਡ ਡਬਲ ਦਾ ਸੋਨ ਤਮਗਾ ਵੀ ਜਿੱਤਿਆ।
ਭਾਰਤੀ ਟੀਮ ਨੇ ਇਸ ਮੁਕਾਬਲੇ 'ਚ 4 ਸੋਨ ਤਮਗਿਆਂ ਸਮੇਂ ਕੁਲ 9 ਤਮਗੇ ਜਿੱਤੇ। ਵਿਸ਼ਵ 'ਚ ਨੰਬਰ ਇਕ ਪ੍ਰਮੋਦ ਭਗਤ ਤੇ ਪਾਰੂਲ ਪਰਮਾਰ ਨੇ ਐੱਸ. ਐੱਲ. 3 ਪੁਰਸ਼ ਤੇ ਮਹਿਲਾ ਸਿੰਗਲ 'ਚ ਸੋਨ ਤਮਗਾ ਹਾਸਲ ਕੀਤਾ। ਚੀਨ 6 ਸੋਨ ਤਮਗਿਆਂ ਸਮੇਤ 19 ਤਮਗੇ ਜਿੱਤ ਕੇ ਚੋਟੀ 'ਤੇ ਰਿਹਾ। ਇਸ ਟੂਰਨਾਮੈਂਟ 'ਚ 37 ਦੇਸ਼ਾਂ ਦੇ 270 ਖਿਡਾਰੀਆਂ ਨੇ ਹਿੱਸਾ ਲਿਆ ਸੀ।