ACTH : ਪਾਕਿਸਤਾਨ ਨਾਲ ਹੋਵੇਗੀ ਭਾਰਤ ਦੀ ਅਸਲੀ ਟੱਕਰ!
Saturday, Oct 20, 2018 - 11:13 AM (IST)

ਨਵੀਂ ਦਿੱਲੀ— ਏਸ਼ੀਅਨ ਗੇਮਸ 'ਚ ਮਿਲੀ ਹਾਰ ਦੇ ਬਾਅਦ ਆਪਣੀ ਲੈਅ ਨੂੰ ਵਾਪਸ ਪ੍ਰਾਪਤ ਕਰਨ ਦੀ ਕੋਸ਼ਿਸ਼ 'ਚ ਲੱਗੀ ਭਾਰਤੀ ਹਾਕੀ ਟੀਮ ਨੇ ਉਂਝ ਤਾਂ ਏਸ਼ੀਅਨ ਚੈਂਪੀਅਨਸ ਟਰਾਫੀ 'ਚ ਓਮਾਨ ਨੂੰ ਵੱਡੀ ਹਾਰ ਦੇ ਕੇ ਆਪਣੀ ਮੁਹਿੰਮ ਦਾ ਜ਼ੋਰਦਾਰ ਆਗਾਜ਼ ਕਰ ਲਿਆ ਹੈ ਪਰ ਉਨ੍ਹਾਂ ਦਾ ਅਗਲਾ ਮੁਕਾਬਲਾ ਸ਼ਨੀਵਾਰ ਨੂੰ ਪਾਕਿਸਤਾਨ ਦੇ ਨਾਲ ਹੋਵੇਗਾ। ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਜਕਾਰਤਾ ਏਸ਼ੀਆਈ ਖੇਡਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਉਭਰ ਗਈ ਹੈ ਅਤੇ ਹੁਣ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਲੰਬੇ ਸਮੇਂ ਦੀ ਵਿਰੋਧੀ ਪਾਕਿਸਤਾਨ ਦੇ ਖਿਲਾਫ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਨੂੰ ਬੇਤਾਬ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਿੰਦਰ ਨੇ ਕਿਹਾ, ''ਟੂਰਨਾਮੈਂਟ ਦੇ ਮੁਕਾਬਲੇਬਾਜ਼ੀ ਹਿੱਸੇ ਦੀ ਸ਼ੁਰੂਆਤ ਸ਼ਨੀਵਾਰ ਨੂੰ ਪਾਕਿਸਤਾਨ ਦੇ ਖਿਲਾਫ ਹੋਣ ਵਾਲੇ ਮੈਚ ਨਾਲ ਹੋਵੇਗੀ।'' ਏਸ਼ੀਆਈ ਖੇਡਾਂ 'ਚ ਸੈਮੀਫਾਈਨਲ ਦੀ ਹਾਰ ਦੇ ਬਾਅਦ ਕੁਝ ਦਿਨਾਂ ਤੱਕ ਮੂਡ ਸਹੀ ਨਹੀਂ ਸੀ। ਏਸ਼ੀਆਡ 'ਚ ਭਾਰਤ ਹਾਲਾਂਕਿ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਣ 'ਚ ਸਫਲ ਰਿਹਾ ਸੀ। ਹਰਿੰਦਰ ਨੇ ਕਿਹਾ ਕਿ ਸਾਡਾ ਧਿਆਨ ਹੁਣ ਇਸ ਟੂਰਨਾਮੈਂਟ 'ਤੇ ਹੈ ਅਤੇ ਟੀਮ ਚੰਗੀ ਤਰ੍ਹਾਂ ਤਿਆਰ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੁਕਾਬਲਾ ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਰਾਤ 10.40 ਵਜੇ ਖੇਡਿਆ ਜਾਵੇਗਾ।