ਕੁਸਲ ਪਰੇਰਾ ਨੇ ਖੇਡੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ, ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 162 ਦੌੜਾਂ ਦਾ ਟੀਚਾ
Sunday, Jul 28, 2024 - 09:31 PM (IST)
ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਸ਼੍ਰੀਲੰਕਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼੍ਰੀਲੰਕਾ ਨੇ ਕੁਸਲ ਪਰੇਰਾ ਦੇ ਸ਼ਾਨਦਾਰ ਅਰਧ ਸੈਂਕੜੇ ਤੇ ਪਥੁਨ ਨਿਸਾਂਕਾ ਦੀ 32 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ 'ਚ 9 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਭਾਰਤ ਨੂੰ ਇਹ ਮੁਕਾਬਲਾ ਜਿੱਤਣ ਲਈ 162 ਦੌੜਾਂ ਬਣਾਉਣੀਆਂ ਪੈਣਗੀਆਂ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਸ਼੍ਰੀਲੰਕਾ ਦੇ ਓਪਨਰਾਂ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਈ ਤੇ ਮੁਹੰਮਦ ਸਿਰਾਜ ਦੇ ਪਹਿਲੇ ਹੀ ਓਵਰ 'ਚ ਉਨ੍ਹਾਂ ਨੇ 10 ਦੌੜਾਂ ਬਣਾ ਲਈਆਂ। ਇਸ ਤੋਂ ਬਾਅਦ ਅਰਸ਼ਦੀਪ ਦੇ ਦੂਜੇ ਓਵਰ 'ਚ ਉਨ੍ਹਾਂ ਨੇ 8 ਦੌੜਾਂ ਬਣਾਈਆਂ। ਅਰਸ਼ਦੀਪ ਨੇ ਆਪਣੇ ਅਗਲੇ ਓਵਰ 'ਚ ਕੁਸਲ ਮੈਂਡਿਸ ਨੂੰ 10 ਦੌੜਾਂ ਦੇ ਨਿੱਜੀ ਸਕੋਰ 'ਤੇ ਰਵੀ ਬਿਸ਼ਨੋਈ ਹੱਥੋਂ ਕੈਚ ਆਊਟ ਕਰਵਾ ਕੇ ਭਾਰਤੀ ਟੀਮ ਨੂੰ ਪਹਿਲੀ ਸਫ਼ਲਤਾ ਦਿਵਾਈ। ਇਸ ਤੋਂ ਬਾਅਦ ਪਿਛਲੇ ਮੈਚ 'ਚ ਸ਼ਾਨਦਾਰ ਪਾਰੀ ਖੇਡਣ ਵਾਲੇ ਪਥੁਮ ਨਿਸਾਂਕਾ ਤੇ ਕੁਸਲ ਪਰੇਰਾ ਨੇ ਤੇਜ਼ੀ ਨਾਲ ਖੇਡਦੇ ਹੋਏ ਦੂਜੀ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਟੀਮ ਲਈ ਵੱਡੇ ਸਕੋਰ ਦੀ ਨੀਂਹ ਰੱਖੀ।
ਇਸ ਮਗਰੋਂ ਰਵੀ ਬਿਸ਼ਨੋਈ ਨੇ ਨਿਸਾਂਕਾ ਨੂੰ 32 ਦੌੜਾਂ ਦੇ ਸਕੋਰ 'ਤੇ ਐੱਲ.ਬੀ.ਡਬਲਯੂ. ਆਊਟ ਕਰ ਕੇ ਟੀਮ ਨੂੰ ਵੱਡੀ ਸਫ਼ਲਤਾ ਦਿਵਾਈ।
ਇਸ ਤੋਂ ਬਾਅਦ ਕੁਸਲ ਪਰੇਰਾ ਨੇ ਸ਼ਾਨਦਾਰ ਪਾਰੀ ਖੇਡੀ ਤੇ 34 ਗੇਂਦਾਂ 'ਚ 6 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾ ਕੇ ਆਊਟ ਹੋਇਆ। ਕਮਿੰਦੂ ਮੈਂਡਿਸ ਨੇ ਵੀ 26 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਤੋਂ ਬਾਅਧ ਕੋਈ ਬੱਲੇਬਾਜ਼ ਟਿਕ ਕੇ ਖੇਡ ਨਾ ਸਕਿਆ ਤੇ ਅੰਤ ਟੀਮ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ।
ਭਾਰਤ ਵੱਲੋਂ ਰਵੀ ਬਿਸ਼ਨੋਈ ਨੇ 3 ਵਿਕਟਾਂ ਲਈਆਂ, ਜਦਕਿ ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਤੇ ਹਾਰਦਿਕ ਪੰਡਯਾ ਨੇ 2-2 ਬੱਲੇਬਾਜ਼ਾਂ ਨੂੰ ਆਊਟ ਕੀਤਾ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਪਹਿਲੇ ਟੀ-20 ਮੈਚ 'ਚ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ ਸੀ। ਹੁਣ ਸੂਰਿਆਕੁਮਾਰ ਯਾਦਵ ਦੀ ਅਗਵਾਈ 'ਚ ਟੀਮ ਇੰਡੀਆ ਇਹ ਮੈਚ ਜਿੱਤ ਕੇ ਟੀ-20 ਸੀਰੀਜ਼ ਜਿੱਤਣਾ ਚਾਹੇਗੀ।
ਦੋਵਾਂ ਟੀਮਾਂ ਦੀ ਪਲੇਇੰਗ 11
ਭਾਰਤ- ਸੰਜੂ ਸੈਮਸਨ, ਯਸ਼ਸਵੀ ਜਾਇਸਵਾਲ, ਸੂਰਿਆਕੁਮਾਰ ਯਾਦਵ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਰਿਆਨ ਪਰਾਗ, ਹਾਰਦਿਕ ਪੰਡਯਾ, ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ।
ਸ਼੍ਰੀਲੰਕਾ- ਪਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕਟਕੀਪਰ), ਕੁਸਲ ਪਰੇਰਾ, ਕਮਿੰਦੂ ਮੈਂਡਿਸ, ਚਰਿਥ ਅਸਾਲੰਕਾ (ਕਪਤਾਨ), ਵਾਨਿੰਦੂ ਹਸਾਰੰਗਾ, ਦਾਸੁਨ ਸ਼ਨਾਕਾ, ਮਹਿਸ਼ ਥੀਕਸ਼ਾਨਾ, ਮਥੀਸ਼ਾ ਪਾਥੀਰਾਨਾ, ਅਸਥਾ ਫਰਨਾਂਡੋ, ਰਮੇਸ਼ ਮੈਂਡਿਸ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e