IND vs SL : ਸਾਲ ਦੀ ਪਹਿਲੀ ਸੀਰੀਜ਼ ਜਿੱਤਣ ਉਤਰੇਗੀ ਭਾਰਤੀ ਟੀਮ

Friday, Jan 10, 2020 - 02:25 AM (IST)

IND vs SL : ਸਾਲ ਦੀ ਪਹਿਲੀ ਸੀਰੀਜ਼ ਜਿੱਤਣ ਉਤਰੇਗੀ ਭਾਰਤੀ ਟੀਮ

ਪੁਣੇ- ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਪੁਣੇ ਵਿਚ ਸ਼ੁੱਕਰਵਾਰ ਨੂੰ ਤੀਜੇ ਤੇ ਆਖਰੀ ਟੀ-20 ਮੁਕਾਬਲੇ ਵਿਚ ਸ਼੍ਰੀਲੰਕਾ ਵਿਰੁੱਧ ਜਿੱਤ ਦੇ ਨਾਲ ਸੀਰੀਜ਼ ਵਿਚ 2-0 ਦੀ ਜਿੱਤ ਦੇ ਟੀਚੇ ਨਾਲ ਉਤਰੇਗੀ। ਗੁਹਾਟੀ ਵਿਚ ਪਹਿਲਾ ਮੈਚ ਰੱਦ ਰਹਿਣ ਤੋਂ ਬਾਅਦ 3 ਮੈਚਾਂ ਦੀ ਸੀਰੀਜ਼ ਵਿਚ ਭਾਰਤ 1-0 ਦੀ ਬੜ੍ਹਤ ਬਣਾ ਚੁੱਕਾ ਹੈ। ਇੰਦੌਰ ਵਿਚ ਉਸ ਨੇ ਦੂਜਾ ਟੀ-20 ਸੱਤ ਵਿਕਟਾਂ ਨਾਲ ਜਿੱਤਿਆ ਸੀ। ਭਾਰਤੀ ਟੀਮ ਹੁਣ ਪੁਣੇ  ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਆਖਰੀ ਟੀ-20 ਮੁਕਾਬਲੇ ਵਿਚ ਜਿੱਤ ਦਰਜ ਕਰਕੇ ਸੀਰੀਜ਼ ਨੂੰ 2-0 ਨਾਲ ਆਪਣੇ ਨਾਂ ਕਰਨਾ ਚਾਹੇਗੀ। ਉਥੇ ਹੀ ਮਹਿਮਾਨ ਸ਼੍ਰੀਲੰਕਾਈ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਉਹ ਸੀਰੀਜ਼ ਨੂੰ 1-1 ਨਾਲ ਬਰਾਬਰ ਕਰਕੇ ਇਸ ਸਵਰੂਪ ਵਿਚ ਆਪਣੀ ਲਗਾਤਾਰ 5ਵੀਂ ਹਾਰ ਦੀ ਸ਼ਰਮਿੰਦਗੀ ਤੋਂ ਬਚ ਸਕੇ।
ਇਸ ਸਾਲ ਆਸਟਰੇਲੀਆ ਵਿਚ ਹੋਣ ਵਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਆਪਣੇ ਸਰਵਸ੍ਰੇਸ਼ਠ ਸੰਯੋਜਨ ਨੂੰ ਲੱਭਣ ਵਿਚ ਰੁੱਝੀ ਹੈ ਤੇ ਨੌਜਵਾਨ ਖਿਡਾਰੀਆਂ  ਦੇ ਪ੍ਰਦਰਸ਼ਨ 'ਤੇ ਉਸਦੀਆਂ ਨਜ਼ਰਾਂ ਲੱਗੀਆਂ ਹਨ। ਇੰਦੌਰ ਟੀ-20 ਮੈਚ ਵਿਚ ਵੀ ਟੀਮ ਦੇ ਨੌਜਵਾਨ ਖਿਡਾਰੀਆਂ ਖਾਸ ਕਰਕੇ ਗੇਂਦਬਾਜ਼ ਨਵਦੀਪ ਸੈਣੀ, ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਿਹਾ ਸੀ। ਇਸ ਮੈਚ ਵਿਚ ਕਪਤਾਨ ਵਿਰਾਟ ਨੇ ਤਜਰਬੇਕਾਰ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ 'ਤੇ ਸੁੰਦਰ ਨੂੰ ਤਰਜੀਹ ਦੇ ਕੇ ਆਖਰੀ 11 ਵਿਚ ਮੌਕਾ ਦਿੱਤਾ ਸੀ ਤੇ ਪੁਣੇ ਵਿਚ ਵੀ ਉਹ ਆਪਣੇ ਆਖਰੀ-11 ਵਿਚ ਕੁਝ ਹੋਰ ਬਦਲਾਂ ਨਾਲ ਉਤਰ ਸਕਦਾ ਹੈ। ਵਿਰਾਟ ਲਗਾਤਾਰ ਇਸ ਗੱਲ ਦੀ ਪੈਰਵੀ ਕਰ ਰਿਹਾ ਹੈ ਕਿ ਨੌਜਵਾਨ ਤੇ ਨਵੇਂ ਖਿਡਾਰੀਆਂ ਨੂੰ ਵੱਧ ਮੌਕੇ ਦਿੱਤੇ ਜਾਣੇ ਜ਼ਰੂਰੀ ਹਨ।
ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਓਪਨਰ ਲੋਕੇਸ਼ ਰਾਹੁਲ ਵਧੀਆ ਫਾਰਮ ਵਿਚ ਚੱਲ ਰਿਹਾ ਹੈ ਤੇ ਪਿਛਲੇ ਮੈਚ ਵਿਚ ਵੀ ਉਸ ਨੇ 45 ਦੌੜਾਂ ਦੀ ਵੱਡੀ ਪਾਰੀ ਖੇਡੀ ਸੀ। ਰਾਹੁਲ ਨੇ ਪਿਛਲੇ ਚਾਰ ਟੀ-20 ਮੈਚਾਂ ਵਿਚ 2 ਅਰਧ ਸੈਂਕੜੇ ਲਾਏ ਹਨ, ਜਿਸ ਵਿਚ 62 ਤੇ 91 ਦੌੜਾਂ ਦੀਆਂ ਪਾਰੀਆਂ ਸ਼ਾਮਲ ਹਨ। ਰੋਹਿਤ ਸ਼ਰਮਾ ਦੀ ਗੈਰ-ਹਾਜ਼ਰੀ ਵਿਚ ਰਾਹੁਲ ਓਪਨਿੰਗ ਵਿਚ ਵਧੀਆ ਬੱਲੇਬਾਜ਼ੀ ਕਰ ਰਿਹਾ ਹੈ। ਉਥੇ ਹੀ ਉਸਦਾ ਜੋੜੀਦਾਰ ਸ਼ਿਖਰ ਧਵਨ ਵੀ ਸੱਟ ਤੋਂ ਬਾਅਦ ਟੀਮ ਵਿਚ ਵਾਪਸੀ ਕਰ ਰਿਹਾ ਹੈ ਤੇ ਸਹਿਜਤਾ ਨਾਲ ਖੇਡ ਰਿਹਾ ਹੈ। ਧਵਨ ਨੇ ਪਿਛਲੇ ਮੈਚ ਵਿਚ 32 ਦੌੜਾਂ ਬਣਾਈਆਂ ਸਨ ਤੇ ਉਸ ਨੂੰ ਓਪਨਿੰਗ ਵਿਚ ਵੱਡੀ ਪਾਰੀ ਦੀ ਉਮੀਦ ਰਹੇਗੀ। ਮੱਧਕ੍ਰਮ ਵਿਚ ਸਭ ਤੋਂ ਮਜ਼ਬੂਤ ਖਿਡਾਰੀ ਕਪਤਾਨ ਵਿਰਾਟ ਹੈ, ਜਿਸ ਨੇ ਇੰਦੌਰ ਵਿਚ ਸ਼੍ਰੇਅਸ ਨੂੰ ਆਪਣੇ ਤੀਜੇ ਕ੍ਰਮ 'ਤੇ ਉਤਾਰਿਆ ਤੇ ਖੁਦ ਚੌਥੇ ਨੰਬਰ 'ਤੇ ਖੇਡਣ ਉਤਰਿਆ ਸੀ।
ਵਿਰਾਟ ਨੇ 17 ਗੇਂਦਾਂ ਵਿਚ ਅਜੇਤੂ 30 ਦੌੜਾਂ ਵਿਚ ਦੋ ਛੱਕੇ ਤੇ ਇਕ ਚੌਕਾ ਲਾਇਆ ਤੇ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ ਹੈ। ਉਸਦੀ ਫਾਰਮ ਨੂੰ ਲੈ ਕੇ ਵੈਸੇ ਵੀ ਕਦੇ ਕੋਈ ਸ਼ੱਕ ਨਹੀਂ ਰਿਹਾ ਹੈ ਪਰ ਸ਼੍ਰੇਅਸ ਤੇ ਵਿਕਟਕੀਪਰ ਰਿਸ਼ਭ ਪੰਤ ਦੀ ਫਾਰਮ 'ਤੇ ਮੈਨੇਜਮੈਂਟ ਦੀਆਂ ਨਜ਼ਰਾਂ ਰਹਿਣਗੀਆਂ।
ਟੀਮਾਂ ਇਸ ਤਰ੍ਹਾਂ ਹਨ—
ਭਾਰਤ- ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸੰਜੂ ਸੈਮਸਨ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ ਤੇ ਵਾਸ਼ਿੰਗਟਨ ਸੁੰਦਰ।
ਸ਼੍ਰੀਲੰਕਾ- ਲਸਿਥ ਮਲਿੰਗਾ (ਕਪਤਾਨ), ਧਨੁਸ਼ਕਾ ਗੁਣਾਥਿਲਕਾ, ਅਵਿਸ਼ਕਾ ਫਰਨਾਂਡੋ, ਐਂਜੇਲੋ ਮੈਥਿਊਜ਼, ਦਾਸੁਨ ਸ਼ਨਾਕਾ, ਕੁਸ਼ਲ ਪਰੇਰਾ, ਨਿਰੋਸ਼ਨ ਡਿਕਵੇਲਾ, ਧਨੰਜਯ ਡਿਸਲਵਾ, ਭਾਨੁਕਾ ਰਾਜਪਕਸ਼ੇ, ਓਸ਼ਦਾ ਫਰਨਾਂਡੋ, ਵਾਨਿੰਦੁ ਹਸਰੰਗਾ, ਲਾਹਿਰੂ ਕੁਮਾਰਾ, ਕੁਸ਼ਲ ਮੈਂਡਿਸ, ਲਕਸ਼ਣ ਮੰਦਾਕਨ ਤੇ ਕੁਸਨ ਰਾਜਿਤਾ।


author

Gurdeep Singh

Content Editor

Related News