IND vs SA, 4th T20I : ਭਾਰਤ ਨੇ ਦੱਖਣੀ ਅਫਰੀਕਾ ਨੂੰ 82 ਦੌੜਾਂ ਨਾਲ ਹਰਾਇਆ

Friday, Jun 17, 2022 - 10:29 PM (IST)

IND vs SA, 4th T20I : ਭਾਰਤ ਨੇ ਦੱਖਣੀ ਅਫਰੀਕਾ ਨੂੰ 82 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਦਿਨੇਸ਼ ਕਾਰਤਿਕ (55) ਦੇ ਟੀ-20 ਕੌਮਾਂਤਰੀ ਕ੍ਰਿਕਟ ਵਿਚ ਪਹਿਲੇ ਅਰਧ ਸੈਂਕੜੇ ਤੋਂ ਬਾਅਦ ਆਵੇਸ਼ ਖਾਨ (18 ਦੌੜਾਂ ਦੇ ਕੇ 4 ਵਿਕਟਾਂ) ਅਤੇ ਹੋਰ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਚੌਥੇ ਟੀ-20 ਮੈਚ ਵਿਚ ਦੱਖਣੀ ਅਫਰੀਕਾ ਵਿਰੁੱਧ 82 ਦੌੜਾਂ ਦੀ ਜਿੱਤ ਨਾਲ ਪੰਜ ਮੈਚਾਂ ਦੀ ਲੜੀ ਵਿਚ 2-2 ਨਾਲ ਬਰਾਬਰੀ ਕਰ ਲਈ। ਇਸ ਨਾਲ ਲੜੀ ਦਾ ਫੈਸਲਾ 19 ਜੂਨ ਨੂੰ ਬੈਂਗਲੁਰੂ ਵਿਚ ਹੋਣ ਵਾਲੇ ਪੰਜਵੇਂ ਟੀ-20 ਮੈਚ ਨਾਲ ਹੋਵੇਗਾ। ਲੜੀ ਵਿਚ 0-2 ਨਾਲ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਭਾਰਤ ਦੀ ਦੱਖਣੀ ਅਫਰੀਕਾ ’ਤੇ ਟੀ-20 ਵਿਚ ਇਹ ਸਭ ਤੋਂ ਵੱਡੀ ਜਿੱਤ ਹੈ। ਕਾਰਤਿਕ (27 ਗੇਂਦਾਂ ’ਤੇ 9 ਚੌਕੇ ਤੇ 2 ਛੱਕੇ) ਨੇ ਆਪਣੇ ਟੀ-20 ਡੈਬਿਊ ਦੇ ਤਕਰੀਬਨ 16 ਸਾਲ ਬਾਅਦ ਪਹਿਲਾ ਅਰਧ ਸੈਂਕੜਾ ਲਾਇਆ ਤੇ ਉਪ ਕਪਤਾਨ ਹਾਰਦਿਕ ਪੰਡਯਾ (46) ਨਾਲ ਪੰਜਵੀਂ ਵਿਕਟ ਲਈ 33 ਗੇਂਦਾਂ ਵਿਚ 65 ਦੌੜਾਂ ਦੀ ਸਾਂਝੇਦਾਰੀ ਨਾਲ ਭਾਰਤ ਨੂੰ 6 ਵਿਕਟਾਂ ’ਤੇ 169 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਵਿਚ ਮਦਦ ਕੀਤੀ।

ਇਹ ਵੀ ਪੜ੍ਹੋ : ਇਸਲਾਮਾਬਾਦ 'ਚ 1000 ਤੋਂ ਵੱਧ ਚੀਨੀ ਨਾਗਰਿਕਾਂ ਨੂੰ ਆਵਾਜਾਈ ਦੀ ਜਾਣਕਾਰੀ ਪੁਲਸ ਨਾਲ ਕਰਨੀ ਪਵੇਗੀ ਸਾਂਝੀ

ਇਸ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ 16.5 ਓਵਰਾਂ ਵਿਚ ਸਿਰਫ 87 ਦੌੜਾਂ ’ਤੇ ਸਿਮਟ ਗਈ। ਦੱਖਣੀ ਅਫਰੀਕਾ ਦਾ ਇਹ ਟੀ-20 ਵਿਚ ਸਭ ਤੋਂ ਘੱਟ ਸਕੋਰ ਹੈ। ਉਸਦੇ ਲਈ ਸਿਰਫ ਤਿੰਨ ਬੱਲੇਬਾਜ਼ ਹੀ ਦੋਹਰੇ ਅੰਕ ਤਕ ਪਹੁੰਚ ਸਕੇ। ਰਾਸੀ ਵਾਨ ਡਰ ਡੂਸੇਨ 20 ਦੌੜਾਂ ਬਣਾ ਕੇ ਟਾਪ ਸਕੋਰ ਰਿਹਾ। ਭਾਰਤੀ ਗੇਂਦਬਾਜ਼ਾਂ ਨੇ ਲਗਾਤਾਰ ਫਰਕ ’ਤੇ ਵਿਕਟਾਂ ਗੁਆਈਆਂ, ਜਿਸ ਵਿਚ ਆਵੇਸ਼ ਖਾਨ ਨੇ 18 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਵਿਚ 1 ਓਵਰ ਵਿਚ 3 ਵਿਕਟਾਂ ਲੈਣਾ ਸ਼ਾਮਲ ਰਿਹਾ। ਯੁਜਵੇਂਦਰ ਚਾਹਲ ਨੇ 4 ਓਵਰਾਂ ਵਿਚ 21 ਦੌੜਾਂ ਦੇ ਕੇ 2 ਵਿਕਟਾਂ ਜਦਕਿ ਅਕਸ਼ਰ ਪਟੇਲ ਤੇ ਹਰਸ਼ਲ ਪਟੇਲ ਨੂੰ ਇਕ-ਇਕ ਵਿਕਟ ਮਿਲੀ।

ਇਹ ਵੀ ਪੜ੍ਹੋ :ਅਮਰੀਕਾ ਨਾਲ ਕੋਈ ਫੌਜੀ ਸਮਝੌਤਾ ਨਹੀਂ ਹੋਇਆ : ਨੇਪਾਲੀ ਫੌਜ

ਦੱਖਣੀ ਅਫਰੀਕਾ ਦਾ ਕਪਤਾਨ ਤੇਂਬਾ ਬਾਵੂਮਾ 20 ਦੌੜਾਂ ਦੇ ਸਕੋਰ ’ਤੇ ਰਿਟਾਇਰਡ ਹਰਟ ਹੋ ਗਿਆ। ਸੱਟ ਤੋਂ ਉੱਭਰਨ ਤੋਂ ਬਾਅਦ ਇਸ ਮੈਚ ਵਿਚ ਵਾਪਸੀ ਕਰਨ ਵਾਲਾ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕੌਕ (14) ਇਕ ਦੌੜ ਲੈਣ ਦੀ ਕੋਸ਼ਿਸ਼ ਵਿਚ ਮੰਦਭਾਗੇ ਤਰੀਕੇ ਨਾਲ ਰਨ ਆਊਟ ਹੋ ਗਿਆ। ਦੂਜੇ ਪਾਸੇ ’ਤੇ ਖੜ੍ਹਾ ਡਵੇਨ ਪ੍ਰਿਟੋਰੀਅਸ ਹਾਲਾਂਕਿ ਮਨ੍ਹਾ ਕਰ ਰਿਹਾ ਸੀ ਪਰ ਡੀ ਕੌਕ ਦੌੜ ਪਿਆ ਤੇ ਹਰਸ਼ਲ ਪਟੇਲ ਨੇ ਸ਼ਾਨਦਾਰ ਫੀਲਡਿੰਗ ਕਰ ਕੇ ਉਸ ਨੂੰ ਰਨ ਆਊਟ ਕੀਤਾ। ਪ੍ਰਿਟੋਰੀਅਸ ਪਾਵਰਪਲੇਅ ਦੇ ਆਖਰੀ ਓਵਰ ਵਿਚ ਆਵੇਸ਼ ਖਾਨ ਦਾ ਸ਼ਿਕਾਰ ਹੋਇਆ ਤੇ ਖਾਤਾ ਵੀ ਨਹੀਂ ਖੋਲ੍ਹ ਸਕਿਆ। ਯੁਜਵੇਂਦਰ ਚਾਹਲ ਨੇ ਹੈਨਰਿਕ ਕਲਾਸੇਨ (8) ਨੂੰ ਐੱਲ. ਬੀ. ਡਬਲਯੂ. ਕਰਕੇ ਭਾਰਤ ਨੂੰ ਚੌਥੀ ਵਿਕਟ ਦਿਵਾਈ, ਜਿਸ ਨਾਲ ਸਕੋਰ ਨੌਵੇਂ ਓਵਰ ਵਿਚ 3 ਵਿਕਟਾਂ ’ਤੇ 45 ਦੌੜਾਂ ਹੋ ਗਿਆ। ਦੱਖਣੀ ਅਫਰੀਕਾ ਨੂੰ ਡੇਵਿਡ ਮਿਲਰ (9) ਤੋਂ ਉਮੀਦ ਸੀ ਪਰ ਉਹ ਵੀ ਖਰਾ ਨਹੀਂ ਉਤਰ ਸਕਿਆ। ਇਸ ਤੋਂ ਬਾਅਦ ਉਸ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ  ਤੇ 17ਵੇਂ ਓਵਰ ਵਿਚ ਲੁੰਗੀ ਇਨਗਿਡੀ ਦੀ ਵਿਕਟ ਡਿੱਗਦੇ ਹੀ ਉਸਦੀ ਪਾਰੀ ਖਤਮ ਹੋ ਗਈ।

ਪਲੇਇੰਗ 11 :-
ਭਾਰਤ : ਰੁਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ, ਯੁਜਵੇਂਦਰ ਚਾਹਲ।
ਦੱਖਣੀ ਅਫ਼ਰੀਕਾ : ਟੇਂਬਾ ਬਾਵੁਮਾ (ਕਪਤਾਨ), ਕਵਿੰਟਨ ਡੀ ਕਾਕ(ਵਿਕਟਕੀਪਰ), ਰਾਸੀ ਵੈਨ ਡੇਰ ਡੁਸਨ,ਡੇਵਿਡ ਮਿਲਰ,ਹੇਨਰਿਚ ਕਲਾਸਨ, ਡਵੇਨ ਪ੍ਰੀਟੋਰੀਅਸ,ਕੇਸ਼ਵ ਮਹਾਰਾਜ, ਮਾਰਕੋ ਜੇਨਸਨ, ਲੁੰਗੀ ਐਨਗਿਡੀ, ਤਬਰੇਜ਼ ਸ਼ਮਸੀ, ਐਨਰਿਕ ਨਾਰਟਜੇ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News