IND vs SA 1st T20i : ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
Thursday, Jun 09, 2022 - 10:31 PM (IST)
ਸਪੋਰਟਸ ਡੈਸਕ-ਆਈ. ਪੀ. ਐੱਲ. ਦਾ ਆਪਣਾ ਫਾਰਮ ਬਰਕਰਾਰ ਰੱਖਣ ਵਾਲੇ ਡੇਵਿਡ ਮਿਲਰ ਅਤੇ ਰਾਸੀ ਵਾਨ ਡੇਰ ਡੁਸੇਨ ’ਚ ਚੌਥੇ ਵਿਕਟ ਦੀ ਸੈਂਕੜਾ ਸਾਂਝੇਦਾਰੀ ਦੇ ਦਮ ਉੱਤੇ ਦੱਖਣੀ ਅਫਰੀਕਾ ਨੇ ਪਹਿਲੇ ਟੀ-20 ਮੈਚ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਲਗਾਤਾਰ 12 ਟੀ-20 ਮੈਚਾਂ ਵਿਚ ਜਿੱਤ ਦਾ ਉਸ ਦਾ ਸਿਲਸਿਲਾ ਵੀ ਤੋੜ ਦਿੱਤਾ।ਭਾਰਤ ਨੇ ਈਸ਼ਾਨ ਕਿਸ਼ਨ ਦੀਆਂ 48 ਗੇਂਦਾਂ ਵਿਚ 76 ਦੌੜਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਖਿਲਾਫ ਆਪਣਾ ਟਾਪ ਸਕੋਰ 4 ਵਿਕਟਾਂ ਉੱਤੇ 211 ਦੌੜਾਂ ਬਣਾਇਆ ਸੀ। ਜਵਾਬ ਵਿਚ ਦੱਖਣੀ ਅਫਰੀਕਾ ਨੇ 5 ਗੇਂਦਾਂ ਬਾਕੀ ਰਹਿੰਦੇ ਜਿੱਤ ਦਰਜ ਕੀਤੀ। ਆਈ. ਪੀ. ਐੱਲ. ਚੈਂਪੀਅਨ ਗੁਜਰਾਤ ਟਾਈਟਨਸ ਲਈ 449 ਦੌੜਾਂ ਬਣਾਉਣ ਵਾਲੇ ਮਿਲਰ ਨੇ 31 ਗੇਂਦਾਂ ਵਿਚ 4 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 64 ਅਤੇ ਵਾਨ ਡੇਰ ਡੁਸੇਨ ਨੇ 46 ਗੇਂਦਾਂ ਵਿਚ 7 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 75 ਦੌੜਾਂ ਬਣਾਈਆਂ। ਦੋਵਾਂ ਨੇ ਚੌਥੇ ਵਿਕਟ ਲਈ 131 ਦੌੜਾਂ ਜੋੜ ਕੇ ਮੈਚ ਭਾਰਤ ਦੀ ਜਦ ਤੋਂ ਬਾਹਰ ਕਰ ਦਿੱਤਾ। ਵਾਨ ਡੁਸੇਨ ਨੂੰ 16ਵੇਂ ਓਵਰ ਵਿਚ 29 ਦੌੜਾਂ ਦੇ ਸਕੋਰ ਉੱਤੇ ਜੀਵਨਦਾਨ ਦੇਣਾ ਭਾਰਤ ਨੂੰ ਮਹਿੰਗਾ ਪਿਆ, ਜਦੋਂ ਆਵੇਸ਼ ਖਾਨ ਦੀ ਗੇਂਦ ਉੱਤੇ ਸ਼੍ਰੇਅਸ ਅਈਅਰ ਨੇ ਉਨ੍ਹਾਂ ਦਾ ਕੈਚ ਕੀਤਾ ਸੀ। ਭਾਰਤ ਦੇ ਸਾਰੇ ਗੇਂਦਬਾਜ਼ ਕਾਫੀ ਮਹਿੰਗੇ ਸਾਬਤ ਹੋਏ। ਹਰਸ਼ਲ ਪਟੇਲ 4 ਓਵਰਾਂ ਵਿਚ 43 ਅਤੇ ਅਕਸ਼ਰ ਪਟੇਲ 40 ਦੌੜਾਂ ਦੇ ਸਕੇ, ਉਥੇ ਹੀ ਭੁਵਨੇਸ਼ਵਰ ਕੁਮਾਰ ਨੇ 4 ਓਵਰਾਂ ਵਿਚ 43 ਦੌੜਾਂ ਦਿੱਤੀਆਂ।
ਇਹ ਵੀ ਪੜ੍ਹੋ : ਕਾਰਗਿਲ ਦੇ ਸ਼ਹੀਦਾਂ ਨੂੰ ਸਮਰਪਿਤ ਰਕੇਸ਼ ਭਟੇਜਾ ਤੇ ਸੁਦੇਸ਼ ਬੱਗਾ ਦੀ ਕਿਤਾਬ ‘ਕਾਰਗਿਲ-ਏਕ ਕਥਾਚਿੱਤਰ’ ਰਿਲੀਜ਼
ਇਸ ਤੋਂ ਪਹਿਲਾਂ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਵੱਲੋਂ 15 ਕਰੋੜ 25 ਲੱਖ ਰੁਪਏ ਵਿਚ ਖਰੀਦੇ ਈਸ਼ਾਨ ਬੱਲੇ ਨਾਲ ਕੋਈ ਕਮਾਲ ਨਹੀਂ ਵਿਖਾ ਸਕੇ ਸਨ ਪਰ ਉਨ੍ਹਾਂ ਨੇ ਅੱਜ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਉਨ੍ਹਾਂ ਦਾ ਸਾਥ ਨਿਭਾਇਆ ਰਿਤੁਰਾਜ ਗਾਇਕਵਾੜ ਨੇ ਜੋ ਖੁਦ ਵੀ ਆਈ. ਪੀ. ਐੱਲ. ਵਿਚ ਫਲਾਪ ਰਹੇ ਸਨ। ਈਸ਼ਾਨ ਨੇ ਆਪਣੀ ਪਾਰੀ ਵਿਚ 11 ਚੌਕੇ ਅਤੇ ਤਿੰਨ ਛੱਕੇ ਜੜੇ। ਸ਼੍ਰੇਅਸ ਅਈਅਰ ਨੇ 36 ਅਤੇ ਕੇ. ਐੱਲ. ਰਾਹੁਲ ਦੇ ਜ਼ਖਮੀ ਹੋਣ ਕਾਰਨ ਪਹਿਲੀ ਵਾਰ ਭਾਰਤ ਦੀ ਕਪਤਾਨੀ ਕਰ ਰਹੇ ਰਿਸ਼ਭ ਪੰਤ ਨੇ 29 ਦੌੜਾਂ ਬਣਾਈਆਂ। ਜਵਾਬ ਵਿਚ ਦੱਖਣੀ ਅਫਰੀਕਾ ਦੀ ਸ਼ੁਰੂਆਤ ਤੇਜ਼ ਰਹੀ ਪਰ ਉਸ ਦੇ ਵਿਕਟ ਨਿਯਮਿਤ ਅੰਤਰਾਲ ਉੱਤੇ ਡਿੱਗਦੇ ਰਹੇ। ਆਵੇਸ਼ ਖਾਨ ਦੇ ਦੂਜੇ ਓਵਰ ਵਿਚ ਕਪਤਾਨ ਤੇਮਬਾ ਬਾਵੁਮਾ ਨੇ 2 ਚੌਕੇ ਅਤੇ ਕਵਿੰਟਨ ਡਿਕਾਕ ਨੇ ਇਕ ਚੌਕਾ ਜੜਿਆ। ਤੀਜੇ ਓਵਰ ਵਿਚ ਹਾਲਾਂਕਿ ਭੁਵਨੇਸ਼ਵਰ ਕੁਮਾਰ ਨੇ ਬਾਵੁਮਾ ਨੂੰ ਵਿਕਟ ਦੇ ਪਿੱਛੇ ਪੰਤ ਦੇ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਚੌਥੇ ਓਵਰ ਵਿਚ ਡਵੇਨ ਪ੍ਰਿਟੋਰੀਅਸ ਅਤੇ ਡਿਕਾਕ ਨੇ ਚਹਿਲ ਨੂੰ ਕ੍ਰਮਵਾਰ : ਇਕ ਛੱਕਾ ਅਤੇ 2 ਚੌਕੇ ਜੜੇ। ਰਨ ਰਫਤਾਰ ਵੱਧਦੀ ਦੇਖ ਪੰਤ ਨੇ ਗੇਂਦ ਹਰਸ਼ਲ ਪਟੇਲ ਨੂੰ ਸੌਂਪੀ ਅਤੇ ਉਨ੍ਹਾਂ ਨੇ ਆਪਣੇ ਪਹਿਲੇ ਓਵਰ ਵਿਚ ਸਿਰਫ ਇਕ ਦੌੜ ਦੇਣ ਦੇ ਨਾਲ ਖਤਰਨਾਕ ਵਿੱਖ ਰਹੇ ਪ੍ਰਿਟੋਰੀਅਸ ਨੂੰ ਬੋਲਡ ਵੀ ਕੀਤਾ, ਜਿਨ੍ਹਾਂ ਨੇ 13 ਗੇਂਦਾਂ ਵਿਚ ਇਕ ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 29 ਦੌੜਾਂ ਬਣਾਈਆਂ।
ਡਿਕਾਕ 22 ਦੌੜਾਂ ਬਣਾ ਕੇ ਅਕਸ਼ਰ ਪਟੇਲ ਦਾ ਸ਼ਿਕਾਰ ਹੋਏ। ਇਸ ਤੋਂ ਬਾਅਦ ਮਿਲਰ ਅਤੇ ਵਾਨ ਡੁਸੇਨ ਨੇ ਮੋਰਚਾ ਸੰਭਾਲਿਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਖਣੀ ਅਫਰੀਕਾ ਨੂੰ ਝੱਟਕਾ ਲੱਗਾ, ਜਦੋਂ ਬੱਲੇਬਾਜ਼ ਏਡੇਨ ਮਾਰਕਰਾਮ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਬਾਹਰ ਹੋ ਗਏ। ਉਨ੍ਹਾਂ ਦੀ ਜਗ੍ਹਾ ਟ੍ਰਿਸਟਾਨ ਸਟਬਸ ਨੂੰ ਡੈਬਿਊ ਦਾ ਮੌਕਾ ਮਿਲਿਆ। ਭਾਰਤ ਦੀ ਸ਼ੁਰੂਆਤ ਕਾਫੀ ਚੰਗੀ ਰਹੀ ਅਤੇ ਪਾਵਰਪਲੇਅ ਦੇ 6 ਓਵਰਾਂ ਵਿਚ ਈਸ਼ਾਨ ਅਤੇ ਗਾਇਕਵਾੜ ਨੇ 51 ਦੌੜਾਂ ਜੋਡ਼ੀਆਂ। ਕੇਸ਼ਵ ਮਹਾਰਾਜ ਦੇ ਪਹਿਲੇ ਹੀ ਓਵਰ ਵਿਚ ਈਸ਼ਾਨ ਨੇ 2 ਚੌਕੇ ਜੜ ਕੇ ਆਪਣੇ ਤੇਵਰ ਜ਼ਾਹਿਰ ਕਰ ਦਿੱਤੇ। ਇਸ ਓਵਰ ਵਿਚ 5 ਵਾਈਡ ਸਮੇਤ 13 ਦੌੜਾਂ ਬਣੀਆਂ। ਕੈਗਿਸੋ ਰਬਾਡਾ ਨੇ ਦੂਜੇ ਓਵਰ ਵਿਚ 2 ਦੌੜਾਂ ਹੀ ਦੇ ਕੇ ਦਬਾਅ ਘੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਅਗਲੇ ਹੀ ਓਵਰ ਵਿਚ ਗਾਇਕਵਾੜ ਨੇ ਐਨਰਿਚ ਨਾਰਕਿਆ ਨੂੰ ਸ਼ਾਰਟ ਫਾਈਨ ਲੈੱਗ ਉੱਤੇ ਪਾਰੀ ਦਾ ਪਹਿਲਾ ਛੱਕਾ ਲਾ ਕੇ ਹੱਥ ਖੋਲ੍ਹੇ।
ਇਹ ਵੀ ਪੜ੍ਹੋ : ਸਾਡਾ ਅਪਡੇਟ ਕੋਰੋਨਾ-ਰੋਕੂ ਟੀਕਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਵਿਰੁੱਧ ਵੀ ਅਸਰਦਾਰ : ਮਾਡਰਨਾ
ਇਸ ਓਵਰ ਵਿਚ ਈਸ਼ਾਨ ਨੇ 2 ਚੌਕੇ ਲਾ ਕੇ ਭਾਰਤ ਦੀਆਂ 50 ਦੌੜਾਂ ਪੂਰੀਆਂ ਕੀਤੀਆਂ। 7ਵੇਂ ਓਵਰ ਦੀ ਪਹਿਲੀ ਗੇਂਦ ਉੱਤੇ ਸੀਮਾਰੇਖਾ ਕੋਲ ਡਵੇਨ ਪ੍ਰਿਟੋਰੀਅਸ ਨੇ ਗਾਇਕਵਾੜ ਨੂੰ ਵੇਨ ਪਰਨੇਲ ਦੀ ਗੇਂਦ ਉੱਤੇ ਜੀਵਨਦਾਨ ਦਿੱਤਾ। ਉਸ ਸਮੇਂ ਗਾਇਕਵਾੜ ਦਾ ਸਕੋਰ 17 ਦੌੜਾਂ ਸੀ ਪਰ ਇਸ ਛੱਕੇ ਤੋਂ ਬਾਅਦ ਅਗਲੀ ਹੀ ਗੇਂਦ ਉੱਤੇ ਉਹ ਵਿਕਟ ਦੇ ਪਿੱਛੇ ਕੈਚ ਦੇ ਬੈਠੇ। ਗਾਇਕਵਾੜ ਨੇ 15 ਗੇਂਦਾਂ ਵਿਚ 23 ਦੌੜਾਂ ਬਣਾਈਆਂ। 10 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਇਕ ਵਿਕਟ ਉੱਤੇ 102 ਦੌੜਾਂ ਸੀ। ਆਖਰੀ ਓਵਰ ਦੀ ਪਹਿਲੀ ਗੇਂਦ ਉੱਤੇ ਨਾਰਕਿਆ ਨੇ ਪੰਤ ਨੂੰ ਵਾਨ ਡੇਰ ਡੁਸੇਨ ਦੇ ਹੱਥੋਂ ਕੈਚ ਕਰਵਾਇਆ। ਬਤੌਰ ਕਪਤਾਨ ਆਪਣੇ ਪਹਿਲੇ ਮੈਚ ਵਿਚ ਪੰਤ 16 ਗੇਂਦਾਂ ਵਿਚ 29 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਮੈਦਾਨ ਉੱਤੇ ਉਤਰੇ ਦਿਨੇਸ਼ ਕਾਰਤਿਕ ਦਾ ਸਵਾਗਤ ਦਰਸ਼ਕਾਂ ਨੇ ‘ਡੀਕੇ ਡੀਕੇ ’ ਦੇ ਰੌਲੇ ਨਾਲ ਕੀਤਾ ਪਰ ਆਈ. ਪੀ. ਐੱਲ. ਜੇਤੂ ਕਪਤਾਨ ਹਾਰਦਿਕ ਪੰਡਿਆ ਨੇ ਇਸ ਓਵਰ ਵਿਚ ਛੱਕਾ ਜੜਿਆ।
ਪਲੇਇੰਗ 11
ਦੱਖਣੀ ਅਫਰੀਕਾ
ਕਵਿੰਟਨ ਡੀਕਾਕ (ਵਿਕਟ ਕੀਪਰ), ਟੇਂਬਾ ਬਾਵੁਮਾ (ਕਪਤਾਨ) ਰੀਜਾ ਹੈਂਡ੍ਰਿਕਸ, ਡੈਵਿਡ ਮਿਲਰ, ਟ੍ਰਿਸਟਨ ਸਟਬਸ, ਵੇਨ ਪਾਰਨੇਲ, ਡਵੇਨ ਪ੍ਰੀਟੋਰੀਅਸ, ਕੇਸ਼ਵ ਮਹਾਰਾਜ, ਤਬਰੇਜ ਸ਼ਮਸੀ, ਕੈਗਿਸੋ ਰਬਾਰਾ, ਐਰਨਿਕ ਨਾਟਰਜੇ।
ਭਾਰਤ
ਈਸ਼ਾਨ ਕਿਸ਼ਨ, ਰੁਤੂਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟ ਕੀਪਰ/ਕਪਤਾਨ), ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਅਵੇਸ਼ ਖਾਨ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ