IND vs SA, 1st ODI : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਦੌੜਾਂ ਨਾਲ ਹਰਾਇਆ
Thursday, Oct 06, 2022 - 10:42 PM (IST)

ਲਖਨਊ (ਯੂ. ਐੱਨ. ਆਈ.)-ਦੱਖਣੀ ਅਫਰੀਕਾ ਨੇ ਸੰਜੂ ਸੈਮਸਨ (ਅਜੇਤੂ 86) ਅਤੇ ਸ਼੍ਰੇਅਸ ਅਈਅਰ (50) ਦੇ ਅਰਧ ਸੈਂਕੜੇ ਦੇ ਬਾਵਜੂਦ ਵੀਰਵਾਰ ਨੂੰ ਮੀਂਹ ਨਾਲ ਪ੍ਰਭਾਵਿਤ ਪਹਿਲੇ ਵਨ ਡੇ ’ਚ ਭਾਰਤ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਅਤੇ ਮੈਚ ਨੂੰ 40 ਓਵਰਾਂ ਦਾ ਕਰ ਦਿੱਤਾ ਗਿਆ ਸੀ। ਦੱਖਣੀ ਅਫਰੀਕਾ ਨੇ ਇੱਥੇ ਇਕਾਨਾ ਸਟੇਡੀਅਮ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 40 ਓਵਰਾਂ ’ਚ 250 ਦੌੜਾਂ ਦਾ ਟੀਚਾ ਦਿੱਤਾ। ਜਵਾਬ ’ਚ ਭਾਰਤੀ ਟੀਮ 8 ਵਿਕਟਾਂ ਦੇ ਨੁਕਸਾਨ ’ਤੇ 240 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਨੂੰ ਮੁਸ਼ਕਿਲ ਵਿਕਟ ’ਤੇ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਉਣ ਲਈ ਡੇਵਿਡ ਮਿਲਰ ਅਤੇ ਹੇਨਰਿਕ ਕਲਾਸੇਨ ਨੇ 139 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ।
ਇਹ ਵੀ ਪੜ੍ਹੋ : ਸ਼੍ਰੀਜੇਸ਼ ਤੇ ਸਵਿਤਾ ਨੇ ਜਿੱਤਿਆ ਸਰਵਸ੍ਰੇਸ਼ਠ ਗੋਲਕੀਪਰ ਦਾ ਐਵਾਰਡ
ਮਿਲਰ ਨੇ 63 ਗੇਂਦਾਂ ’ਤੇ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 75 ਦੌੜਾਂ ਬਣਾਈਆਂ, ਜਦਕਿ ਕਲਾਸੇਨ ਨੇ 65 ਗੇਂਦਾਂ ’ਤੇ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 74 ਦੌੜਾਂ ਬਣਾਈਆਂ। ਸੈਮਸਨ ਅਤੇ ਅਈਅਰ ਨੇ ਭਾਰਤ ਨੂੰ ਇਸ ਟੀਚੇ ਤੱਕ ਪਹੁੰਚਾਉਣ ਲਈ ਸਖ਼ਤ ਸੰਘਰਸ਼ ਕੀਤਾ। ਸੈਮਸਨ ਨੇ 63 ਗੇਂਦਾਂ ’ਚ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 86 ਦੌੜਾਂ ਬਣਾਈਆਂ, ਜਦਕਿ ਅਈਅਰ ਨੇ 37 ਗੇਂਦਾਂ ’ਚ 50 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਸ਼ਾਰਦੁਲ ਠਾਕੁਰ ਨੇ ਵੀ ਸੰਘਰਸ਼ ਕਰਦੇ ਹੋਏ 31 ਗੇਂਦਾਂ ’ਚ 5 ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ ਪਰ ਉਪਰਲੇ ਕ੍ਰਮ ਦੀ ਅਸਫਲਤਾ ਕਾਰਨ ਭਾਰਤ ਲਈ ਟੀਚੇ ਤੱਕ ਪਹੁੰਚਣਾ ਅਸੰਭਵ ਸਾਬਤ ਹੋਇਆ।