IND vs AUS : ਭਾਰਤ ਨੂੰ 35 ਦੌੜਾਂ ਨਾਲ ਹਰਾ ਆਸਟਰੇਲੀਆ ਨੇ ਵਨ ਡੇ ਸੀਰੀਜ਼ ਕੀਤੀ ਆਪਣੇ ਨਾਂ

Wednesday, Mar 13, 2019 - 09:13 PM (IST)

IND vs AUS : ਭਾਰਤ ਨੂੰ 35 ਦੌੜਾਂ ਨਾਲ ਹਰਾ ਆਸਟਰੇਲੀਆ ਨੇ ਵਨ ਡੇ ਸੀਰੀਜ਼ ਕੀਤੀ ਆਪਣੇ ਨਾਂ

ਨਵੀਂ ਦਿੱਲੀ— ਆਸਟਰੇਲੀਆ ਨੇ ਉਸਮਾਨ ਖਵਾਜਾ ਦੇ ਸੀਰੀਜ਼ ਵਿਚ ਦੂਸਰੇ ਸੈਂਕੜੇ ਅਤੇ ਲੈੱਗ ਸਪਿਨਰ ਐਡਮ ਜ਼ਾਂਪਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ 5ਵੇਂ ਅਤੇ ਫੈਸਲਾਕੁੰਨ ਇੰਟਰਨੈਸ਼ਨਲ ਵਨ ਡੇ ਕ੍ਰਿਕਟ ਮੈਚ 'ਚ 35 ਦੌੜਾਂ ਨਾਲ ਜਿੱਤ ਦਰਜ ਕਰ ਕੇ 10 ਸਾਲ ਬਾਅਦ ਭਾਰਤੀ ਜ਼ਮੀਨ 'ਤੇ ਵਨ ਡੇ ਸੀਰੀਜ਼ ਆਪਣੇ ਨਾਂ ਕੀਤੀ। ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਸਿਰਫ 2 ਵਾਰ (1982 ਅਤੇ 1996) ਹੀ ਕੋਈ ਟੀਮ 250 ਤੋਂ ਜ਼ਿਆਦਾ ਦਾ ਟੀਚਾ ਸਫਲਤਾਪੂਰਵਕ ਹਾਸਲ ਕਰ ਸਕੀ ਹੈ। ਆਸਟਰੇਲੀਆ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਸਹੀ ਰਿਹਾ। ਸਿਰਫ 4 ਮਾਹਿਰ ਬੱਲੇਬਾਜ਼ਾਂ ਨਾਲ ਉਤਰੇ ਭਾਰਤ ਲਈ 273 ਦੌੜਾਂ ਦਾ ਟੀਚਾ ਪਹਾੜ ਵਰਗਾ ਬਣ ਗਿਆ। ਸ਼ੁਰੂ ਵਿਚ ਰੋਹਿਤ ਸ਼ਰਮਾ (89 ਗੇਂਦਾਂ 'ਤੇ 56 ਦੌੜਾਂ) ਦੀ ਅਰਧ-ਸੈਂਕੜਾ ਪਾਰੀ ਅਤੇ ਬਾਅਦ ਵਿਚ ਕੇਦਾਰ ਜਾਧਵ (57 ਗੇਂਦਾਂ 'ਤੇ 44 ਦੌੜਾਂ) ਨੇ 7ਵੀਂ ਵਿਕਟ ਲਈ 91 ਦੌੜਾਂ ਜੋੜ ਕੇ ਉਮੀਦ ਜਗਾਈ ਪਰ ਭਾਰਤ ਅਖੀਰ 'ਚ 50 ਓਵਰਾਂ ਵਿਚ 237 ਦੌੜਾਂ 'ਤੇ ਆਊਟ ਹੋ ਗਿਆ। ਜ਼ਾਂਪਾ ਨੇ 46 ਦੌੜਾਂ ਦੇ ਕੇ 3, ਜਦਕਿ ਤੇਜ਼ ਗੇਂਦਬਾਜ਼ ਪੈਟ ਕਮਿੰਸ, ਜੌਏ ਰਿਚਰਡਸਨ ਅਤੇ ਮਾਰਕਸ ਸਟੋਇੰਸ ਨੇ 2-2 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਖਵਾਜਾ ਨੇ 106 ਗੇਂਦਾਂ 'ਤੇ 10 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ। ਉਸ ਨੇ ਕਪਤਾਨ ਆਰੋਨ ਫਿੰਚ ਨਾਲ ਪਹਿਲੀ ਵਿਕਟ ਲਈ 76 ਦੌੜਾਂ ਅਤੇ ਪੀਟਰ ਹੈਂਡਸਕੌਂਬ ਨਾਲ ਦੂਸਰੀ ਵਿਕਟ ਲਈ 99 ਦੌੜਾਂ ਦੀਆਂ 2 ਉਪਯੋਗੀ ਸਾਂਝੇਦਾਰੀਆਂ ਕੀਤੀਆਂ। ਭਾਰਤ ਨੇ ਚੰਗੀ ਵਾਪਸੀ ਕੀਤੀ ਪਰ ਹੇਠਲੇਕ੍ਰਮ ਦੇ ਬੱਲੇਬਾਜ਼ਾਂ ਨੇ ਆਖਰੀ 4 ਓਵਰਾਂ ਵਿਚ 42 ਦੌੜਾਂ ਬਣਾਈਆਂ, ਜਿਸ ਨਾਲ ਆਸਟਰੇਲੀਆ 9 ਵਿਕਟਾਂ 'ਤੇ 272 ਦੌੜਾਂ ਦੇ ਚੁਣੌਤੀਪੂਰਨ ਸਕੋਰ ਤੱਕ ਪਹੁੰਚ ਗਿਆ।

PunjabKesari

ਆਸਟਰੇਲੀਆ ਨੇ ਇਸ ਤੋਂ ਪਹਿਲਾਂ 2009 ਵਿਚ ਭਾਰਤੀ ਜ਼ਮੀਨ 'ਤੇ 6 ਵਨ ਡੇ ਮੈਚਾਂ ਦੀ ਸੀਰੀਜ਼ 4-2 ਨਾਲ ਜਿੱਤੀ ਸੀ। ਇਸ ਵਾਰ ਉਸ ਨੇ ਪਹਿਲੇ 2 ਮੈਚ ਗੁਆਉਣ ਤੋਂ ਬਾਅਦ ਲਗਾਤਾਰ 3 ਮੈਚ ਜਿੱਤ ਕੇ ਸੀਰੀਜ਼ 3-2 ਨਾਲ ਆਪਣੇ ਨਾਂ ਕੀਤੀ। ਇਹ ਵਨ ਡੇ ਵਿਚ 5ਵਾਂ ਮੌਕਾ ਹੈ, ਜਦੋਂ ਕਿਸੇ ਟੀਮ ਨੇ ਪਹਿਲੇ 2 ਮੈਚ ਹਾਰਨ ਤੋਂ ਬਾਅਦ ਸੀਰੀਜ਼ ਜਿੱਤੀ ਹੋਵੇ। ਆਸਟਰੇਲੀਆ ਤੋਂ ਪਹਿਲਾਂ ਦੱਖਣੀ ਅਫਰੀਕਾ (2 ਵਾਰ), ਬੰਗਲਾਦੇਸ਼ ਅਤੇ ਪਾਕਿਸਤਾਨ ਨੇ ਇਹ ਉਪਲੱਬਧੀ ਹਾਸਲ ਕੀਤੀ ਸੀ। ਭਾਰਤ ਨੇ ਦੂਸਰੀ ਵਾਰ ਪਹਿਲੇ 2 ਮੈਚ ਜਿੱਤਣ ਤੋਂ ਬਾਅਦ ਸੀਰੀਜ਼ ਗੁਆਈ। ਇਸ ਤੋਂ ਪਹਿਲਾਂ 2005 ਵਿਚ ਪਾਕਿਸਤਾਨ ਖਿਲਾਫ ਉਹ ਸ਼ੁਰੂਆਤੀ ਬੜ੍ਹਤ ਦਾ ਫਾਇਦਾ ਨਹੀਂ ਚੁੱਕ ਸਕਿਆ ਸੀ।


Related News