IND vs AUS : ਭਾਰਤ ਨੇ ਆਸਟਰੇਲੀਆ ਨੂੰ 8 ਦੌੜਾਂ ਨਾਲ ਹਰਾਇਆ
Tuesday, Mar 05, 2019 - 09:30 PM (IST)

ਨਾਗਪੁਰ— ਕਪਤਾਨ ਵਿਰਾਟ ਕੋਹਲੀ (116) ਦੇ 40ਵੇਂ ਸੈਂਕੜੇ ਅਤੇ ਜਸਪ੍ਰੀਤ ਬੁਮਰਾਹ ਦੀ ਡੈੱਥ ਓਵਰਾਂ ਦੀ ਕਮਾਲ ਦੀ ਗੇਂਦਬਾਜ਼ੀ ਤੇ ਵਿਜੇ ਸ਼ੰਕਰ ਦੇ ਚਮਤਕਾਰੀ ਆਖਰੀ ਓਵਰ ਦੀ ਬਦੌਲਤ ਭਾਰਤ ਨੇ ਇੱਥੇ ਆਸਟਰੇਲੀਆ ਨੂੰ ਦੂਜੇ ਵਨ ਡੇ ਵਿਚ ਮੰਗਲਵਾਰ ਨੂੰ ਰੋਮਾਂਚਕ ਸੰਘਰਸ਼ ਵਿਚ 8 ਦੌੜਾਂ ਨਾਲ ਹਰਾ ਕੇ ਆਪਣੇ ਵਨ ਡੇ ਇਤਿਹਾਸ ਦੀ 500ਵਾਂ ਜਿੱਤ ਦਰਜ ਕਰ ਲਈ।
ਭਾਰਤ ਨੇ 48.2 ਓਵਰਾਂ 'ਚ 250 ਦੌੜਾਂ ਬਣਾਉਣ ਤੋਂ ਬਾਅਦ ਆਸਟਰੇਲੀਆ ਨੂੰ 49.3 ਓਵਰਾਂ ਵਿਚ 242 ਦੌੜਾਂ 'ਤੇ ਆਲ ਆਊਟ ਕਰ ਕੇ 5 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਬੜ੍ਹਤ ਬਣਾ ਲਈ ਅਤੇ ਆਸਟਰੇਲੀਆ ਵਿਰੁੱਧ ਨਾਗਪੁਰ ਮੈਦਾਨ 'ਤੇ ਜਿੱਤ ਦਾ ਚੌਕਾ ਵੀ ਲਾ ਦਿੱਤਾ। ਭਾਰਤ ਨੇ ਇਸ ਮੈਦਾਨ 'ਤੇ ਆਸਟਰੇਲੀਆ ਵਿਰੁੱਧ ਆਪਣੇ ਸਾਰੇ ਚਾਰੋ ਮੈਚ ਜਿੱਤੇ ਹਨ। ਆਸਟਰੇਲੀਆਈ ਟੀਮ 45 ਓਵਰਾਂ ਵਿਚ 6 ਵਿਕਟਾਂ 'ਤੇ 222 ਦੌੜਾਂ ਬਣਾ ਕੇ ਸੁਖਦਾਇਕ ਸਥਿਤੀ ਵਿਚ ਸੀ ਪਰ ਬੁਮਰਾਹ ਨੇ 46ਵੇਂ ਓਵਰ ਵਿਚ ਨਾਥਨ ਕਾਲਟਰ ਨਾਇਲ ਤੇ ਪੈਟ ਕਮਿੰਸ ਨੂੰ ਆਊਟ ਕਰਕੇ ਭਾਰਤ ਨੂੰ ਮੁਕਾਬਲੇ ਵਿਚ ਵਾਪਸੀ ਦਿਵਾਈ। ਬੁਮਰਾਹ ਨੇ ਫਿਰ ਪਾਰੀ ਦੇ 48ਵੇਂ ਓਵਰ ਵਿਚ ਸਿਰਫ ਇਕ ਦੌੜ ਦਿੱਤਾ। ਆਸਟਰੇਲੀਆ ਨੂੰ ਆਖਰੀ ਓਵਰ ਵਿਚ ਜਿੱਤ ਲਈ 11 ਦੌੜਾਂ ਦੀ ਲੋੜ ਸੀ ਤੇ ਕਪਤਾਨ ਵਿਰਾਟ ਨੇ ਇਕ ਵੱਡਾ ਜੂਆ ਖੇਡਦੇ ਹੋਏ ਗੇਂਦ ਵਿਜੇ ਸ਼ੰਕਰ ਨੂੰ ਦਿੱਤੀ।
ਵਿਜੇ ਨੇ ਇਸ ਤੋਂ ਪਹਿਲਾਂ ਸਿਰਫ ਇਕ ਓਵਰ ਕੀਤਾ ਸੀ ਪਰ ਉਸ ਨੇ ਆਪਣੇ ਕਪਤਾਨ ਦੇ ਭਰੋਸੇ ਨੂੰ ਸਹੀ ਸਾਬਤ ਕਰਦੇ ਹੋਏ ਬੱਲੇਬਾਜ਼ ਮਾਰਕਸ ਸਟੋਇੰਸ ਨੂੰ ਪਹਿਲੀ ਹੀ ਗੇਂਦ 'ਤੇ ਐੱਲ. ਬੀ ਡਬਲਯੂ, ਕਰ ਦਿੱਤਾ। ਸਟੋਇੰਸ ਨੇ ਰੈਫਰਲ ਲਿਆ ਪਰ ਕੋਈ ਫਾਇਦਾ ਨਹੀਂ ਹੋਇਆ ਤੇ ਅੰਪਾਇਰ ਦਾ ਆਊਟ ਦਾ ਫੈਸਲਾ ਬਰਕਰਾਰ ਰਿਹਾ। ਵਿਜੇ ਨੇ ਓਵਰ ਦੀ ਤੀਜੀ ਗੇਂਦ 'ਤੇ ਐਡਮ ਜ਼ਾਂਪਾ ਨੂੰ ਬੋਲਡ ਕਰ ਕੇ ਜਿੱਤ ਭਾਰਤ ਦੀ ਝੋਲੀ ਵਿਚ ਪਾ ਦਿੱਤੀ ਤੇ ਆਪਣੀ ਚੋਣ ਨੂੰ ਸਹੀ ਸਾਬਤ ਕਰਦੇ ਨਾਲ ਹੀ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਵੀ ਮਜ਼ਬੂਤ ਕਰ ਲਈ। ਵਿਜੇ ਦੇ ਕਰੀਅਰ ਦੀਆਂ ਇਹ ਪਹਿਲੀਆਂ ਦੋ ਵਿਕਟਾਂ ਸਨ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਵਲੋਂ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡ ਕੇ ਆਪਣੇ ਕਰੀਅਰ ਦਾ 40ਵਾਂ ਵਨ ਡੇ ਸੈਂਕੜਾ ਲਾਇਆ। ਵਿਰਾਟ ਨੇ 120 ਗੇਂਦਾਂ ਵਿਚ 10 ਚੌਕਿਆਂ ਦੀ ਮਦਦ ਨਾਲ 116 ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ ਲੜਨਯੋਗ ਸਕੋਰ ਤਕ ਪਹੁੰਚਾਇਆ। ਵਿਰਾਟ ਤੋਂ ਇਲਾਵਾ ਵਿਜੇ ਸ਼ੰਕਰ ਨੇ 46 ਦੌੜਾਂ ਬਣਾਈਆਂ। ਸ਼ੰਕਰ ਨੇ ਆਪਣੀ ਪਾਰੀ ਵਿਚ 5 ਚੌਕੇ ਤੇ ਇਕ ਛੱਕਾ ਲਾਇਆ। ਦੋਵਾਂ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਖੇਡਣ ਵਿਚ ਅਸਫਲ ਰਿਹਾ।
ਭਾਰਤੀ ਪਾਰੀ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਨੂੰ ਪਹਿਲੇ ਹੀ ਓਵਰ ਵਿਚ ਰੋਹਿਤ ਸ਼ਰਮਾ ਦੇ ਰੂਪ ਵਿਚ ਪਹਿਲਾ ਝਟਕਾ ਲੱਗਾ। ਰੋਹਿਤ ਮੈਚ ਦੇ ਪਹਿਲੇ ਓਵਰ ਦੀ ਆਖਰੀ ਗੇਂਦ 'ਤੇ ਜ਼ੀਰੋ ਦੇ ਸਕੋਰ 'ਤੇ ਆਊਟ ਹੋਇਆ। ਉਸ ਨੂੰ ਪੈਟ ਕਮਿੰਸ ਨੇ ਐਡਮ ਜ਼ਾਂਪਾ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜਿਆ। ਰੋਹਿਤ ਤੋਂ ਬਾਅਦ ਧਵਨ ਵੀ ਜ਼ਿਆਦਾ ਦੇਰ ਤਕ ਨਹੀਂ ਟਿਕ ਸਕਿਆ ਤੇ 21 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਿਆ। ਉਸ ਨੂੰ ਗਲੇਨ ਮੈਕਸਵੈੱਲ ਨੇ ਐੱਲ. ਬੀ. ਡਬਲਯੂ. ਕਰ ਦਿੱਤਾ।
ਇਕ ਸਮੇਂ 75 ਦੌੜਾਂ 'ਤੇ 3 ਵਿਕਟਾਂ ਗੁਆਉਣ ਤੋਂ ਬਾਅਦ ਭਾਰਤੀ ਪਾਰੀ ਨੂੰ ਵਿਰਾਟ ਤੇ ਸ਼ੰਕਰ ਨੇ ਸੰਭਾਲਿਆ। ਦੋਵਾਂ ਨੇ ਚੌਥੀ ਵਿਕਟ ਲਈ 81 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੰਕਰ ਦੇ ਆਊਟ ਹੋਣ ਤੋਂ ਬਾਅਦ ਜਿਥੇ ਇਕ ਪਾਸੇ ਭਾਰਤੀ ਪਾਰੀ ਢਹਿ-ਢੇਰੀ ਹੋ ਰਹੀ ਸੀ ਤਾਂ ਉਥੇ ਦੂਜੇ ਪਾਸੇ ਤੋਂ ਵਿਰਾਟ ਟਿਕ ਕੇ ਪਾਰੀ ਖੇਡ ਕੇ ਟੀਮ ਦਾ ਸਕੋਰ ਵਧਾਉਂਦਾ ਰਿਹਾ। ਪਿਛਲੇ ਮੈਚ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਪਹਿਲੀ ਹੀ ਗੇਂਦ 'ਤੇ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਿਆ। ਭਾਰਤ ਦੀ ਪਾਰੀ ਵਿਚ ਰਵਿੰਦਰ ਜਡੇਜਾ ਨੇ 21 ਦੌੜਾਂ, ਅੰਬਾਤੀ ਰਾਇਡੂ ਨੇ 18, ਕੇਦਾਰ ਜਾਧਵ ਨੇ 11 ਤੇ ਕੁਲਦੀਪ ਯਾਦਵ ਨੇ 3 ਦੌੜਾਂ ਬਣਾਈਆਂ।