ਹਾਕੀ ਵਰਲਡ ਲੀਗ ''ਚ ਭਾਰਤ ਨੇ ਪਾਕਿਸਤਾਨ ਨੂੰ 6-1 ਨਾਲ ਹਰਾ ਕੇ ਚਟਾਈ ਧੂੜ

06/24/2017 6:33:34 PM

ਲੰਡਨ— ਰਮਨਦੀਪ ਸਿੰਘ ਅਤੇ ਮਨਦੀਪ ਸਿੰਘ ਦੇ ਸ਼ਾਨਦਾਰ 2-2 ਗੋਲਾਂ ਦੀ ਮਦਦ ਨਾਲ ਭਾਰਤ ਨੇ ਪੁਰਾਣੇ ਮੁਕਾਬਲੇਬਾਜ਼ ਪਾਕਿਸਤਾਨ ਨੂੰ ਐੱਫ.ਆਈ.ਐੱਚ. ਵਰਲਡ ਹਾਕੀ ਲੀਗ ਸੈਮੀਫਾਈਨਲ 'ਚ ਸ਼ਨੀਵਾਰ ਨੂੰ 6-1 ਦੇ ਵੱਡੇ ਫਰਕ ਨਾਲ ਹਰਾ ਕੇ ਧੂੜ ਚਟਾ ਦਿੱਤੀ। ਇਸ ਜਿੱਤ ਦੇ ਬਾਅਦ ਭਾਰਤੀ ਟੀਮ ਹੁਣ ਪੰਜਵੇਂ-ਛੇਵੇਂ ਸਥਾਨ ਦੇ ਲਈ ਕੈਨੇਡਾ ਨਾਲ ਖੇਡੇਗੀ।

ਭਾਰਤ ਨੇ ਪੰਜਵੇਂ ਤੋਂ ਅਠਵੇਂ ਸਥਾਨ ਦੇ ਸਥਾਨ ਨਿਰਧਾਰਨ ਮੈਚ 'ਚ ਪਾਕਿਸਤਾਨ ਨੂੰ ਇਕ ਤਰਫਾ ਅੰਦਾਜ਼ 'ਚ ਹਰਾਇਆ ਹੈ। ਭਾਰਤ ਨੇ ਗਰੁੱਪ ਮੈਚ 'ਚ ਪਾਕਿਸਤਾਨ ਨੂੰ 7-1 ਦੇ ਵੱਡੇ ਫਰਕ ਨਾਲ ਹਰਾਇਆ ਸੀ। ਪਰ ਕੁਆਰਟਰਫਾਈਨਲ 'ਚ ਮਲੇਸ਼ੀਆ ਤੋਂ 2-3 ਨਾਲ ਹਾਰਨ ਦੇ ਬਾਅਦ ਭਾਰਤ ਨੂੰ ਸਥਾਨ ਨਿਰਧਾਰਨ ਮੈਚ 'ਚ ਉਤਰਨਾ ਪਿਆ।

ਭਾਰਤ ਦੇ ਸਾਹਮਣੇ ਹੁਣ ਪੰਜਵੇਂ ਤੋਂ ਛੇਵੇਂ ਸਥਾਨ ਦੇ ਲਈ ਕੈਨੇਡਾ ਦੀ ਚੁਣੌਤੀ ਰਹੇਗੀ ਜਿਸ ਨੇ ਇਕ ਹੋਰ ਮੈਚ 'ਚ ਚੀਨ ਨੂੰ 7-3 ਨਾਲ ਹਰਾਇਆ। ਭਾਰਤ ਅਤੇ ਕੈਨੇਡਾ ਦੇ ਵਿਚਾਲੇ ਗਰੁੱਪ ਪੜਾਅ 'ਚ ਮੁਕਾਬਲਾ ਹੋਇਆ ਸੀ ਅਤੇ ਉਸ ਸਮੇਂ ਭਾਰਤ ਨੇ 3-0 ਨਾਲ ਜਿੱਤ ਦਰਜ ਕੀਤੀ ਸੀ। ਖਿਤਾਬੀ ਦੌੜ ਤੋਂ ਬਾਹਰ ਹੋ ਚੁੱਕੇ ਭਾਰਤ ਦੇ ਲਈ ਚੰਗਾ ਮੌਕਾ ਹੈ ਕਿ ਉਹ ਐਤਵਾਰ ਨੂੰ ਹੋਣ ਵਾਲੇ ਮੁਕਾਬਲੇ 'ਚ ਕੈਨੇਡਾ ਨੂੰ ਫਿਰ ਤੋਂ ਹਰਾ ਕੇ ਪੰਜਵਾਂ ਸਥਾਨ ਹਾਸਲ ਕਰੇ।


Related News