ਏਸ਼ੀਆ ਕੱਪ ਛੱਡਣ ''ਤੇ ਪਾਕਿ ਨੂੰ ਹੋਵੇਗਾ ਲੱਖਾਂ ਦਾ ਨੁਕਸਾਨ ਹੋਵੇਗਾ, ਸੇਠੀ ਨੇ ਕਿਹਾ- ਨੁਕਸਾਨ ਝੱਲਣ ਲਈ ਤਿਆਰ
Tuesday, Apr 11, 2023 - 05:55 PM (IST)
ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਨਜਮ ਸੇਠੀ ਨੇ ਕਿਹਾ ਹੈ ਕਿ ਜੇਕਰ ਉਹ ਇਸ ਸਾਲ ਏਸ਼ੀਆ ਕੱਪ ਨਹੀਂ ਖੇਡਦੇ ਹਨ ਤਾਂ ਟੂਰਨਾਮੈਂਟ ਤੋਂ ਲਗਭਗ 30 ਲੱਖ ਡਾਲਰ ਦੀ ਕਮਾਈ ਦਾ ਨੁਕਸਾਨ ਹੋ ਸਕਦਾ ਹੈ। ਸੇਠੀ ਨੇ ਕਿਹਾ ਕਿ ਪਾਕਿਸਤਾਨ ਨੁਕਸਾਨ ਝੱਲਣ ਲਈ ਤਿਆਰ ਹੈ ਕਿਉਂਕਿ ਇਹ ਸਿਧਾਂਤ ਦਾ ਮਾਮਲਾ ਹੈ।
ਉਨ੍ਹਾਂ ਕਿਹਾ, ''ਅਸੀਂ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜੇਕਰ ਏਸ਼ੀਆ ਕੱਪ ਹਾਈਬ੍ਰਿਡ ਆਧਾਰ 'ਤੇ (ਭਾਰਤ ਦੇ ਮੈਚ ਨਿਰਪੱਖ ਸਥਾਨ 'ਤੇ ਅਤੇ ਬਾਕੀ ਪਾਕਿਸਤਾਨ 'ਚ) ਨਹੀਂ ਹੁੰਦੇ ਹਨ, ਤਾਂ ਅਸੀਂ ਕਿਸੇ ਹੋਰ ਸ਼ਡਿਊਲ ਨੂੰ ਸਵੀਕਾਰ ਨਹੀਂ ਕਰਾਂਗੇ ਅਤੇ ਨਹੀਂ ਖੇਡਾਂਗੇ।' ਪਾਕਿਸਤਾਨ ਨੇ ਸਤੰਬਰ 'ਚ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨੀ ਹੈ ਪਰ ਟੂਰਨਾਮੈਂਟ ਦੇ ਸਥਾਨ ਨੂੰ ਲੈ ਕੇ ਅਸਪਸ਼ਟਤਾ ਬਣੀ ਹੋਈ ਹੈ ਕਿਉਂਕਿ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਕਿਸਤਾਨ 'ਚ ਨਹੀਂ ਖੇਡੇਗਾ।
ਸੇਠੀ ਨੇ ਕਿਹਾ, "ਹੁਣ ਭਾਰਤ ਲਈ ਸੁਰੱਖਿਆ ਕੋਈ ਮੁੱਦਾ ਨਹੀਂ ਹੈ ਅਤੇ ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਪਾਕਿਸਤਾਨ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਦੇ ਰਹੀ ਹੈ ਤਾਂ ਸਾਨੂੰ ਲਿਖਤੀ ਸਬੂਤ ਦਿਖਾਓ।" ਉਨ੍ਹਾਂ ਕਿਹਾ, "ਜਦੋਂ ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਸਮੇਤ ਹੋਰ ਟੀਮਾਂ ਪਾਕਿਸਤਾਨ ਵਿੱਚ ਖੇਡਣ ਲਈ ਤਿਆਰ ਹਨ ਤਾਂ ਭਾਰਤ ਲਈ ਪਾਕਿਸਤਾਨ ਆਉਣ ਲਈ ਸੁਰੱਖਿਆ ਦਾ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ।"