ICC T20i Ranking : ਸੂਰਯਕੁਮਾਰ ਦੂਜੇ ਨੰਬਰ 'ਤੇ, ਸ਼੍ਰੇਅਸ ਅਈਅਰ ਨੂੰ ਵੀ ਹੋਇਆ ਫ਼ਾਇਦਾ

Thursday, Aug 11, 2022 - 12:57 PM (IST)

ICC T20i Ranking : ਸੂਰਯਕੁਮਾਰ ਦੂਜੇ ਨੰਬਰ 'ਤੇ, ਸ਼੍ਰੇਅਸ ਅਈਅਰ ਨੂੰ ਵੀ ਹੋਇਆ ਫ਼ਾਇਦਾ

ਦੁਬਈ - ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੀ ਬੁੱਧਵਾਰ ਨੂੰ ਜਾਰੀ ਤਾਜ਼ਾ ਟੀ-20 ਰੈਂਕਿੰਗ ਵਿਚ ਭਾਰਤੀ ਬੱਲੇਬਾਜ਼ ਸੂਰਯਕੁਮਾਰ ਯਾਦਵ ਦੂਜੇ ਸਥਾਨ ’ਤੇ ਬਰਕਰਾਰ ਹੈ ਜਦਕਿ ਹਮਵਤਨ ਸ਼੍ਰੇਅਸ ਅਈਅਰ ਦੋ ਸਥਾਨਾਂ ਦੇ ਫਾਇਦੇ ਨਾਲ 19ਵੇਂ ਸਥਾਨ ’ਤੇ ਪਹੁੰਚ ਗਿਆ। ਪਾਕਿਸਤਾਨ ਦਾ ਬਾਬਰ ਆਜ਼ਮ ਬੱਲੇਬਾਜ਼ੀ ਸੂਚੀ ਵਿਚ ਚੋਟੀ ’ਤੇ ਕਾਬਜ਼ ਹੈ ਤੇ ਸੂਰਯਕੁਮਾਰ ਯਾਦਵ ਭਾਰਤੀਆਂ ਵਿਚ ਸਰਵਸ੍ਰੇਸ਼ਠ ਸਥਾਨ ’ਤੇ ਬਣਿਆ ਹੋਇਆ ਹੈ, ਜਿਸ ਦੇ 805 ਅੰਕ ਹਨ।

ਇਹ ਵੀ ਪੜ੍ਹੋ : CWG 2022 'ਚ ਹਾਕੀ ਅਤੇ ਵੇਟ-ਲਿਫਟਿੰਗ 'ਚ ਪੰਜਾਬ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

ਵੈਸਟਇੰਡੀਜ਼ ਵਿਰੁੱਧ ਹਾਲ ਹੀ ਵਿਚ ਖਤਮ ਹੋਈ ਲੜੀ ਦੇ ਆਖ਼ਰੀ ਟੀ-20 ਮੁਕਾਬਲੇ ਵਿਚ 40 ਗੇਂਦਾਂ ਵਿਚ 64 ਦੌੜਾਂ ਦੀ ਪਾਰੀ ਖੇਡਣ ਵਾਲਾ ਅਈਅਰ ਪਹਿਲੇ ਚਾਰ ਮੈਚਾਂ ਵਿਚ ਵੱਡੀ ਪਾਰੀ ਨਹੀਂ ਖੇਡ ਸਕਿਆ ਸੀ। ਗੇਂਦਬਾਜ਼ਾਂ ਵਿਚ ਸਪਿਨਰ ਰਵੀ ਬਿਸ਼ਨੋਈ ਤੇ ਕੁਲਦੀਪ ਯਾਦਵ ਨੂੰ ਰੈਂਕਿੰਗ ਵਿਚ ਫਾਇਦਾ ਹੋਇਆ ਹੈ। ਬਿਸ਼ਨੋਈ (21 ਸਾਲ) ਨੇ ਵੈਸਟਇੰਡੀਜ਼ ਵਿਰੁੱਧ ਟੀ-20 ਕੌਮਾਂਤਰੀ ਲੜੀ ਦੇ ਦੋ ਮੈਚਾਂ ਵਿਚ 6 ਵਿਕਟਾਂ ਲਈਆਂ ਸਨ, ਜਿਸ ਵਿਚ ਉਹ 50 ਸਥਾਨਾਂ ਦੀ ਛਲਾਂਗ ਨਾਲ 44ਵੇਂ ਸਥਾਨ ’ਤੇ ਪਹੁੰਚ ਗਿਆ। ਉੱਥੇ ਹੀ, ਕੁਲਦੀਪ ਨੇ ਆਖਰੀ ਮੈਚ ਵਿਚ 3 ਵਿਕਟਾਂ ਲਈਆਂ ਸਨ। ਉਸ ਨੇ 58 ਸਥਾਨਾਂ ਦੀ ਛਲਾਂਗ ਲਗਾਈ, ਜਿਸ ਨਾਲ ਉਹ 87ਵੇਂ ਨੰਬਰ ’ਤੇ ਕਾਬਜ਼ ਹੋਣ ਵਿਚ ਸਫਲ ਰਿਹਾ। ਹਾਲਾਂਕਿ ਸੀਨੀਅਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਵੈਸਟਇੰਡੀਜ਼ ਵਿਰੁੱਧ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਇਕ ਸਥਾਨ ਹੇਠਾਂ 9ਵੇਂ ਸਥਾਨ ’ਤੇ ਖਿਸਕ ਗਿਆ ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਬਰਮਿੰਘਮ 'ਚ ਲਾਪਤਾ ਹੋਏ 2 ਪਾਕਿਸਤਾਨੀ ਮੁੱਕੇਬਾਜ਼

ਦੱਖਣੀ ਅਫਰੀਕਾ ਦੇ ਰੀਜ਼ਾ ਹੈਂਡ੍ਰਿੰਕਸ ਨੂੰ ਟੀ-20 ਵਿਚ ਕਾਫੀ ਲਾਭ ਹੋਇਆ ਹੈ, ਉਹ ਆਇਰਲੈਂਡ ’ਤੇ ਲੜੀ ਵਿਚ 2-0 ਦੀ ਜਿੱਤ ਦੌਰਾਨ 74 ਤੇ 42 ਦੌੜਾਂ ਦੀਆਂ ਪਾਰੀਆਂ ਦੀ ਬਦੌਲਤ 13ਵੇਂ ਸਥਾਨ ’ਤੇ ਪਹੁੰਚ ਗਿਆ। ਦੱਖਣੀ ਅਫਰੀਕਾ ਦਾ ਸਪਿਨਰ ਕੇਸ਼ਵ ਮਹਾਰਾਜ 10 ਸਥਾਨਾਂ ਦੇ ਫਾਇਦੇ ਨਾਲ ਗੇਂਦਬਾਜ਼ਾਂ ਦੀ ਸੂਚੀ ਵਿਚ 18ਵੇਂ ਸਥਾਨ ’ਤੇ ਪਹੁੰਚ ਗਿਆ ਜਦਕਿ ਦੱਖਣੀ ਅਫਰੀਕਾ ਦੇ ਹੀ ਤੇਜ਼ ਗੇਂਦਬਾਜ਼ ਲੂੰਗੀ ਇਨਗਿਡੀ (23ਵੇਂ ਨੰਬਰ) ਤੇ ਨਿਊਜ਼ੀਲੈਂਡ ਦੇ ਹੀ ਲਾਕੀ ਫਰਗਿਊਸਨ (31ਵੇਂ ਨੰਬਰ) ਨੇ ਵੀ ਰੈਂਕਿੰਗ ਵਿਚ ਆਪਣੇ ਸਥਾਨਾਂ ਵਿਚ ਸੁਧਾਰ ਕੀਤਾ ਹੈ। ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਟੀ-20 ਵਿਚ ਨੰਬਰ ਇਕ ਰੈਂਕਿੰਗ ਦਾ ਬੱਲੇਬਾਜ਼ ਬਣਿਆ ਹੋਇਆ ਹੈ ਜਦਕਿ ਆਸਟਰੇਲੀਆ ਦਾ ਜੋਸ਼ ਹੇਜ਼ਲਵੁਡ ਤੇ ਅਫਗਾਨਿਸਤਾਨ ਦਾ ਮੁਹੰਮਦ ਨਬੀ ਕ੍ਰਮਵਾਰ ਗੇਂਦਬਾਜ਼ਾਂ ਤੇ ਆਲਰਾਊਂਡਰਾਂ ਦੀ ਸੂਚੀ ਵਿਚ ਪਹਿਲੇ ਸਥਾਨ ’ਤੇ ਕਾਬਜ਼ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


author

Tarsem Singh

Content Editor

Related News