T20 CWC : ਪਾਕਿਸਤਾਨ ਨੇ ਇਕਤਰਫ਼ਾ ਅੰਦਾਜ਼ 'ਚ ਕੈਨੇਡਾ ਨੂੰ ਹਰਾਇਆ, ਸੁਪਰ-8 ਦੀਆਂ ਉਮੀਦਾਂ ਰੱਖੀਆਂ ਕਾਇਮ
Tuesday, Jun 11, 2024 - 11:25 PM (IST)
ਸਪੋਰਟਸ ਡੈਸਕ- ਨਿਊਯਾਰਕ ਸਥਿਤ ਨਸਾਊ ਕਾਊਂਟੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਮੁਕਾਬਲੇ 'ਚ ਪਾਕਿਸਤਾਨ ਨੇ ਕੈਨੇਡਾ ਨੂੰ ਇਕਤਰਫ਼ਾ ਅੰਦਾਜ਼ 'ਚ 7 ਵਿਕਟਾਂ ਨਾਲ ਹਰਾ ਕੇ ਆਪਣੀਆਂ ਸੁਪਰ-8 ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੈਨੇਡਾ ਦੀ ਟੀਮ ਐਰੋਨ ਜਾਨਸਨ (52) ਦੇ ਸ਼ਾਨਦਾਰ ਅਰਧ ਸੈਂਕੜੇ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਨਾ ਚੱਲ ਸਕਿਆ ਤੇ ਪੂਰੀ ਟੀਮ 20 ਓਵਰਾਂ 'ਚ 7 ਵਿਕਟਾਂ ਗੁਆ ਕੇ 106 ਦੌੜਾਂ ਹੀ ਬਣਾ ਸਕੀ।
ਇਸ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਵੱਲੋਂ ਸਾਇਮ ਅਯੂਬ 12 ਗੇਂਦਾਂ 'ਚ 6 ਦੌੜਾਂ ਬਣਾ ਕੇ ਡਿਲੋਂ ਹੇਲਿਗਰ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ। ਕਪਤਾਨ ਬਾਬਰ ਆਜ਼ਮ ਨੇ ਮੁਹੰਮਦ ਰਿਜ਼ਵਾਨ ਦਾ ਸ਼ਾਨਦਾਰ ਸਾਥ ਦਿੱਤਾ ਤੇ ਉਹ 33 ਗੇਂਦਾਂ 'ਚ 1 ਚੌਕਾ ਤੇ 1 ਛੱਕੇ ਦੀ ਮਦਦ ਨਾਲ 33 ਦੌੜਾਂ ਬਣਾ ਕੇ ਡਿਲੋਂ ਦੀ ਗੇਂਦ 'ਤੇ ਹੀ ਸ਼੍ਰੇਅਸ ਮੋਵਾ ਹੱਥੋਂ ਕੈਚ ਆਊਟ ਹੋ ਗਿਆ।
ਇਸ ਤੋਂ ਬਾਅਦ ਓਪਨਿੰਗ 'ਤੇ ਆਏ ਮੁਹੰਮਦ ਰਿਜ਼ਵਾਨ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਤੇ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ਼ ਪਾਰ ਕਰਵਾ ਕੇ ਹੀ ਪਰਤਿਆ। ਉਸ ਨੇ 53 ਗੇਂਦਾਂ 'ਚ 2 ਚੌਕੇ ਤੇ 1 ਛੱਕੇ ਦੀ ਬਦੌਲਤ 53 ਦੌੜਾਂ ਦੀ ਨਾਬਾਦ ਪਾਰੀ ਖੇਡੀ।
ਰਿਜ਼ਵਾਨ ਤੇ ਬਾਬਰ ਦੀ ਸਹਿਜ ਭਰੀ ਪਾਰੀ ਦੀ ਬਦੌਲਤ ਪਾਕਿਸਤਾਨ ਨੇ 17.3 ਓਵਰਾਂ 'ਚ ਹੀ ਇਹ ਮੁਕਾਬਲਾ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਪਾਕਿਸਤਾਨ ਨੂੰ ਹੁਣ ਸੁਪਰ 8 'ਚ ਪਹੁੰਚਣ ਲਈ ਆਇਰਲੈਂਡ ਖ਼ਿਲਾਫ਼ ਵੱਡੇ ਫਰਕ ਨਾਲ ਜਿੱਤ ਕਰਨ ਤੋਂ ਇਲਾਵਾ ਭਾਰਤ ਤੇ ਅਮਰੀਕਾ ਦੇ ਮੈਚਾਂ 'ਤੇ ਵੀ ਨਜ਼ਰ ਰੱਖਣੀ ਪਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e