ICC ਨੇ ਵਿਰਾਟ ਕੋਹਲੀ ਨੂੰ ਚੁਣਿਆ ਅਕਤੂਬਰ ਦਾ ਸਰਵੋਤਮ ਖਿਡਾਰੀ

Monday, Nov 07, 2022 - 02:42 PM (IST)

ICC ਨੇ ਵਿਰਾਟ ਕੋਹਲੀ ਨੂੰ ਚੁਣਿਆ ਅਕਤੂਬਰ ਦਾ ਸਰਵੋਤਮ ਖਿਡਾਰੀ

ਦੁਬਈ (ਵਾਰਤਾ)- ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਅਕਤੂਬਰ 2022 ਦੇ ਸਰਵੋਤਮ ਪੁਰਸ਼ ਕ੍ਰਿਕਟਰ ਦਾ ਖਿਤਾਬ ਜਿੱਤ ਲਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਹਲੀ ਨੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਅਤੇ ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ਨੂੰ ਪਛਾੜ ਕੇ ਇਹ ਖਿਤਾਬ ਜਿੱਤਿਆ। 33 ਸਾਲਾ ਭਾਰਤੀ ਬੱਲੇਬਾਜ਼ ਨੇ ਇਸ ਮਹੀਨੇ ਦੌਰਾਨ ਸਿਰਫ਼ ਚਾਰ ਮੈਚ ਖੇਡ ਕੇ ਕ੍ਰਿਕਟ ਜਗਤ ਨੂੰ ਤਿੰਨ ਯਾਦਗਾਰ ਪਾਰੀਆਂ ਦਿੱਤੀਆਂ, ਜਿਸ ਵਿੱਚ ਪਾਕਿਸਤਾਨ ਖ਼ਿਲਾਫ਼  ਟੀ-20 ਵਿਸ਼ਵ ਕੱਪ ਵਿੱਚ  ਖੇਡੀ ਗਈ 82 ਦੌੜਾਂ ਵੀ ਸ਼ਾਮਲ ਹੈ। ਕੋਹਲੀ ਨੇ 23 ਅਕਤੂਬਰ ਨੂੰ ਟੀ-20 ਵਿਸ਼ਵ ਕੱਪ ਵਿਚ ਭਾਰਤ ਦੇ ਪਹਿਲੇ ਮੈਚ ਵਿੱਚ 53 ਗੇਂਦਾਂ 'ਤੇ ਨਾਬਾਦ 82 ਦੌੜਾਂ ਦੀ ਕਰਿਸ਼ਮਈ ਪਾਰੀ ਨਾਲ ਪਾਕਿਸਤਾਨ ਤੋਂ ਜਿੱਤ ਖੋਹ ਲਈ ਸੀ।

ਪਾਕਿਸਤਾਨ ਨੇ ਭਾਰਤ ਨੂੰ 160 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਭਾਰਤ ਨੇ ਆਖਰੀ ਗੇਂਦ 'ਤੇ ਹਾਸਲ ਕਰ ਲਿਆ। ਇਸ ਤੋਂ ਇਲਾਵਾ ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਘਰੇਲੂ ਟੀ-20 ਸੀਰੀਜ਼ 'ਚ 49 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ, ਜਦਕਿ ਟੀ-20 ਵਿਸ਼ਵ ਕੱਪ 'ਚ ਨੀਦਰਲੈਂਡ ਖਿਲਾਫ ਅਜੇਤੂ 64 ਦੌੜਾਂ ਬਣਾਈਆਂ ਸਨ। ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਕੋਹਲੀ ਨੇ ਕਿਹਾ, 'ਅਕਤੂਬਰ ਦਾ ਆਈਸੀਸੀ ਸਰਵੋਤਮ ਪੁਰਸ਼ ਖਿਡਾਰੀ ਚੁਣਿਆ ਜਾਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਦੁਨੀਆ ਭਰ ਦੇ ਪ੍ਰਸ਼ੰਸਕਾਂ ਅਤੇ ਪੈਨਲਾਂ ਦੁਆਰਾ ਚੁਣੇ ਜਾਣਾ ਇਸ ਪੁਰਸਕਾਰ ਨੂੰ ਹੋਰ ਵੀ ਖਾਸ ਬਣਾਉਂਦਾ ਹੈ।'


author

cherry

Content Editor

Related News