ਜੈਸਵਾਲ ਸਣੇ ਇਨ੍ਹਾਂ 2 ਭਾਰਤੀਆਂ ਨੂੰ ICC ਨੇ ਦਿੱਤੀ ਆਪਣੀ ਸਰਵਸ੍ਰੇਸ਼ਠ ਅੰਡਰ-19 ਟੀਮ ''ਚ ਜਗ੍ਹਾ
Tuesday, Feb 11, 2020 - 12:32 PM (IST)

ਦੁਬਈ : ਭਾਰਤੀ ਅੰਡਰ-19 ਟੀਮ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ, ਕਾਰਤਿਕ ਤਿਆਗੀ ਅਤੇ ਐਤਵਾਰ ਨੂੰ ਖਤਮ ਹੋਏ ਵਰਲਡ ਕੱਪ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਰਵੀ ਬਿਸ਼ਨੋਈ ਨੂੰ ਆਈ. ਸੀ. ਸੀ. ਨੇ ਆਪਣੀ ਇਸ ਸਾਲ ਦੀ ਬੈਸਟ ਅੰਡਰ-19 ਵਰਲਡ ਕੱਪ ਦੀ ਟੀਮ ਵਿਚ ਸ਼ਾਮਲ ਕੀਤਾ ਹੈ। ਵਰਲਡ ਕੱਪ ਜੇਤੂ ਬੰਗਲਾਦੇਸ਼ ਦੇ ਕਪਤਾਨ ਅਕਬਰ ਅਲੀ ਦੀ ਅਗਵਾਈ ਚੁਣੀ ਗਈ 12 ਮੈਂਬਰੀ ਟੀਮ ਵਿਚ ਬੱਲੇਬਾਜ਼ ਜੈਸਵਾਲ, ਲੈਗ ਸਪਿਨਰ ਰਵੀ ਬਿਸ਼ਨੋਈ ਅਤੇ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨੂੰ ਜਗ੍ਹਾ ਦਿੱਤੀ ਗਈ ਹੈ।
ਵਰਲਡ ਕੱਪ ਦੀਆਂ 6 ਪਾਰੀਆਂ ਵਿਚ 133.33 ਦੀ ਔਸਤ ਨਾਲ 400 ਦੌੜਾਂ ਬਣਾਉਣ ਵਾਲੇ ਜੈਸਵਾਲ ਨੂੰ ਟੂਰਨਾਮੈਂਟ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਸੀ। ਬਿਸ਼ਨੋਈ ਨੇ ਇੰਨੇ ਹੀ ਮੈਚਾਂ ਵਿਚ ਸਿਰਫ 10.64 ਦੀ ਔਸਤ ਨਾਲ ਟੂਰਨਾਮੈਂਟ ਵਿਚ ਸਭ ਤੋਂ ਵੱਧ 17 ਵਿਕਟਾਂ ਲਈਆਂ ਜਦਕਿ ਤਾਰਤਿਕ ਤਿਆਗੀ ਨੇ 13.90 ਦੀ ਔਸਤ ਨਾਲ 11 ਵਿਕਟਾਂ ਲਈਆਂ। ਭਾਰਤੀ ਟੀਮ ਹਾਲਾਂਕਿ ਫਾਈਨਲ ਵਿਚ ਬੰਗਲਾਦੇਸ਼ ਹੱਥੋਂ 3 ਵਿਕਟਾਂ ਨਾਲ ਹਾਰ ਗਈ। ਟੂਰਨਾਮੈਂਟ ਦੀ ਅਧਿਕਾਰਤ ਟੀਮ ਵਿਚ ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਇਬ੍ਰਾਹਿਮ ਜਾਦਰਾਨ ਅਤੇ ਵੈਸਟਇੰਡੀਜ਼ ਦੇ ਨਈਮ ਯੰਗ ਵਰਗੇ ਖਿਡਾਰੀ ਸ਼ਾਮਲ ਹਨ।