ICC ਦਾ ਵੱਡਾ ਫੈਸਲਾ : ਇੰਗਲੈਂਡ ਹੀ ਕਰੇਗਾ ਅਗਲੇ ਤਿੰਨ WTC ਫਾਈਨਲ ਦੀ ਮੇਜ਼ਬਾਨੀ

Sunday, Jul 20, 2025 - 09:57 PM (IST)

ICC ਦਾ ਵੱਡਾ ਫੈਸਲਾ : ਇੰਗਲੈਂਡ ਹੀ ਕਰੇਗਾ ਅਗਲੇ ਤਿੰਨ WTC ਫਾਈਨਲ ਦੀ ਮੇਜ਼ਬਾਨੀ

ਸਿੰਗਾਪੁਰ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਇੰਗਲੈਂਡ ਨੂੰ 2027, 2029 ਤੇ 2031 ਵਿਚ ਹੋਣ ਵਾਲੇ ਤਿੰਨ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਦੀ ਮੇਜ਼ਬਾਨੀ ਵੀ ਇੰਗਲੈਂਡ ਨੂੰ ਸੌਂਪੀ ਹੈ। ਇਸ ਤੋਂ ਪਹਿਲਾਂ ਉਹ 2021 ਤੋਂ ਲਗਾਤਾਰ ਤਿੰਨੇ ਫਾਈਨਲ ਦੀ ਮੇਜ਼ਬਾਨੀ ਕਰ ਚੁੱਕਾ ਹੈ। ਆਈ. ਸੀ. ਸੀ. ਦੀ ਸਿੰਗਾਪੁਰ ਵਿਚ ਹੋਈ ਸਾਲਾਨਾ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ।
ਆਈ. ਸੀ. ਸੀ. ਨੇ 2027 ਦੇ ਫਾਈਨਲ ਭਾਰਤ ਵਿਚ ਟਰਾਂਸਫਰ ਕੀਤੇ ਜਾਣ ਦੀਆਂ ਅਟਕਲਾਂ ਨੂੰ ਆਰਾਮ ਦਿੰਦੇ ਹੋਏ ਈ. ਸੀ. ਬੀ. ਦੀ ‘ਸਫਲ ਮੇਜ਼ਬਾਨੀ ਦੇ ਰਿਕਾਰਡ’ ਦਾ ਹਵਾਲਾ ਦਿੰਦੇ ਹੋਏ ਇੰਗਲੈਂਡ ਨੂੰ ਫਿਰ ਤੋਂ ਤਿੰਨ ਵਾਰ ਲਈ ਇਸਦੀ ਜ਼ਿੰਮੇਵਾਰੀ ਦਿੱਤੀ ਹੈ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਭਵਿੱਖ ਵਿਚ ਵੀ ਲਾਰਡਸ ਨੂੰ ਪਹਿਲ ਦੇ ਤੌਰ ’ਤੇ ਮੇਜ਼ਬਾਨ ਦੇ ਤੌਰ ’ਤੇ ਬਰਕਰਾਰ ਰੱਖਿਆ ਜਾਵੇਗਾ ਜਾਂ ਨਹੀਂ।

ਡਬਲਯੂ. ਟੀ. ਸੀ. ਫਾਈਨਲ ਦੇ ਆਯੋਜਨ ਲਈ ਜੂਨ ਦੀ ਵਿੰਡੋ ਜਿਹੜੀ ਆਈ. ਪੀ. ਐੱਲ. ਦੇ ਤੁਰੰਤ ਬਾਅਦ ਤੇ ਇੰਗਲੈਂਡ ਦੀਆਂ ਗਰਮੀਆਂ ਦੀ ਸ਼ੁਰੂਆਤ ਵਿਚ ਹੁੰਦੀ ਹੈ, ਉਸ ਨੂੰ ਆਈ. ਸੀ. ਸੀ. ਦੀ ਪਸੰਦੀਦਾ ਸਮਾਂ-ਹੱਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੌਰਾਨ ਜ਼ਿਆਦਾਤਰ ਕੌਮਾਂਤਰੀ ਮੁਕਾਬਲੇ ਨਹੀਂ ਹੁੰਦੇ। ਇਸ ਤੋਂ ਇਲਾਵਾ ਜਿਵੇਂ ਕਿ ਪਿਛਲੇ ਮਹੀਨੇ ਲਾਰਡਸ ਵਿਚ ਦੇਖਣ ਨੂੰ ਮਿਲਿਆ, ਇੰਗਲੈਂਡ ਵਿਚ ਨਿਊਟ੍ਰਲ (ਨਿਰਪੱਖ) ਟੀਮਾਂ ਦੇ ਮੈਚ ਵੀ ਹਾਊਸਫੁੱਲ ਹੋ ਜਾਂਦੇ ਹਨ। 2023 ਵਿਚ ਆਸਟ੍ਰੇਲੀਆ ਨੇ ਭਾਰਤ ਨੂੰ ਓਵਲ ਵਿਚ ਹਰਾਇਆ ਸੀ। 2021 ਵਿਚ ਪਹਿਲਾ ਡਬਲਯੂ. ਟੀ. ਸੀ. ਫਾਈਨਲ ਸਾਊਥੰਪਟਨ ਵਿਚ ਹੋਇਆ ਸੀ ਜਦੋਂ ਭਾਰਤ ਤੇ ਨਿਊਜ਼ੀਲੈਂਡ ਆਹਮੋ-ਸਾਹਮਣੇ ਹੋਏ ਸਨ। ਉਸ ਸਮੇਂ ਬਾਇਓ-ਬੱਬਲ ਦੇ ਕਾਰਨ ਦਰਸ਼ਕਾਂ ਦੀ ਗਿਣਤੀ ਸੀਮਤ ਸੀ। ਫਿਰ ਵੀ ਦੋਵੇਂ ਮੌਕਿਆਂ ’ਤੇ ਸਟੇਡੀਅਮ ਦਾ ਮਾਹੌਲ ਸ਼ਾਨਦਾਰ ਰਿਹਾ।

ਈ. ਸੀ. ਬੀ. ਦੇ ਮੁੱਖ ਕਾਰਜਕਾਰੀ ਰਿਚਰਡ ਗੂਲਡ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਾਨੂੰ ਨਹੀਂ ਪਤਾ ਕਿ ਡਬਲਯੂ. ਟੀ. ਸੀ. ਫਾਈਨਲ ਦੀ ਮੇਜ਼ਬਾਨੀ ’ਤੇ ਸਾਡਾ ਕੋਈ ਵਿਸ਼ੇਸ਼ ਅਧਿਕਾਰ ਹੈ ਪਰ ਇਸ ਤੋਂ ਇੱਥੇ ਆਯੋਜਿਤ ਕਰਨ ਦੇ ਕੁਝ ਲਾਭ ਜ਼ਰੂਰ ਹਨ।


author

Hardeep Kumar

Content Editor

Related News