ICC ਨੇ IPL ਨੂੰ ਲੈ ਕੇ ਖੇਡੀ ਚਾਲ, BCCI ਨੇ ਵੀ ਦਿੱਤਾ ਇਹ ਜਵਾਬ
Monday, Mar 04, 2019 - 01:38 PM (IST)

ਨਵੀਂ ਦਿੱਲੀ : ਭਾਰਤ ਵਿਚ ਹਰ ਸਾਲ ਆਈ. ਪੀ. ਐੱਲ. ਟੂਰਨਾਮੈਂਟ ਕਰਾਇਆ ਜਾਂਦਾ ਹੈ ਜਿੱਥੇ ਦੁਨੀਆ ਭਰ ਦੇ ਖਿਡਾਰੀਆਂ ਨੂੰ ਇਕੱਠੇ ਖੇਡਣ ਦਾ ਮੌਕਾ ਮਿਲਦਾ ਹੈ। ਇਸ ਟੂਰਨਾਮੈਂਟ ਦੇ ਅਜੇ ਤੱਕ 11 ਸੀਜ਼ਨ ਹੋ ਚੁੱਕੇ ਹਨ ਜੋ ਬੀ. ਸੀ. ਸੀ. ਆਈ. ਦੀ ਦੇਖ-ਰੇਖ ਵਿਚ ਕਰਾਏ ਗਏ। ਉੱਥੇ ਹੀ ਹੁਣ ਕੌਮਾਂਤਰੀ ਕ੍ਰਿਕਟ ਸੰਘ (ਆਈ. ਸੀ. ਸੀ.) ਦੀ ਨਜ਼ਰ ਇਸ ਵੱਕਾਰੀ ਟੂਰਨਾਮੈਂਟ (ਆਈ. ਪੀ. ਐੱਲ.) 'ਤੇ ਪਈ ਹੈ। ਆਈ. ਸੀ. ਸੀ. ਚਾਹੁੰਦੀ ਹੈ ਕਿ ਉਹ ਸਭ ਉਸ ਨੂੰ ਪਤਾ ਚੱਲੇ ਜੋ ਇਸ ਲੀਗ ਵਿਚ ਮਿਲਦਾ ਹੈ ਪਰ ਬੀ. ਸੀ. ਸੀ. ਆਈ. ਨੇ ਸਾਫ-ਸਾਫ ਜਵਾਬ ਦਿੰਦਿਆਂ ਆਈ. ਸੀ. ਸੀ. ਵੱਲੋਂ ਆਈ. ਪੀ. ਐੱਲ. 'ਤੇ ਨਜ਼ਰ ਰਖਣ ਦੇ ਇਰਾਦੇ 'ਤੇ ਪਾਣੀ ਫੇਰ ਦਿੱਤਾ ਹੈ।
ਬੀ. ਸੀ. ਸੀ. ਆਈ. ਨੇ ਦਿੱਤਾ ਜਵਾਬ
ਬੀ. ਸੀ. ਸੀ. ਆਈ. ਨੇ ਕਿਹਾ ਕਿ ਆਈ. ਪੀ. ਐੱਲ. ਰਣਜੀ ਮੈਚਾਂ ਦੀ ਤਰ੍ਹਾਂ ਘਰੇਲੂ ਕ੍ਰਿਕਟ ਟੂਰਨਾਮੈਂਟ ਹੈ। ਸੂਤਰਾਂ ਮੁਤਾਬਕ ਦੁਬਈ ਵਿਚ ਹੋਈ ਮੀਟਿੰਗ ਵਿਚ ਇਹ ਗੱਲ ਉੱਠੀ ਸੀ। ਤਦ ਬੀ. ਸੀ. ਸੀ. ਆਈ. ਵੱਲੋਂ ਰਾਹੁਲ ਜੌਹਰੀ ਨੇ ਇਸ 'ਤੇ ਇਤਰਾਜ਼ ਜਤਾਇਆ। ਬੀ. ਸੀ. ਸੀ. ਆਈ. ਵੱਲੋਂ ਰਾਹੁਲ ਜੌਹਰੀ ਨੇ ਕਿਹਾ ਕਿ ਰਣਜੀ ਵਰਗੇ ਘਰੇਲੂ ਟੂਰਨਾਮੈਂਟ ਵਿਚ ਜਿਵੇਂ ਆਈ. ਸੀ. ਸੀ. ਦਾ ਕੋਈ ਰੋਲ ਨਹੀਂ ਹੁੰਦਾ, ਉਸੇ ਤਰ੍ਹਾਂ ਆਈ. ਪੀ. ਐੱਲ. ਵਿਚ ਵੀ ਨਹੀਂ ਹੋ ਸਕਦਾ। ਫਿਲਹਾਲ ਆਈ. ਸੀ. ਸੀ. ਨੂੰ ਆਸਟਰੇਲੀਆ, ਵਿੰਡੀਜ਼ ਤੋਂ ਜਵਾਬ ਆਉਣਾ ਬਾਕੀ ਹੈ। ਆਸਟਰੇਲੀਆ ਵਿਚ ਬਿਗ ਬੈਸ਼ ਅਤੇ ਵਿੰਡੀਜ਼ ਵਿਚ ਕੈਰੇਬੀਆਈ ਪ੍ਰੀਮਿਅਰ ਲੀਗ ਵਰਗੇ ਟੂਰਨਾਮੈਂਟ ਚੰਗਾ ਕਰ ਰਹੇ ਹਨ।
ਆਈ. ਸੀ. ਸੀ. ਬਣਾ ਰਿਹੈ ਇਹ ਪਾਲਿਸੀ
ਦੁਨੀਆ ਭਰ ਵਿਚ ਕਈ ਟੀ-20 ਲੀਗ ਆਯੋਜਿਤ ਕੀਤੀਆਂ ਜਾਂਦੀਆਂ ਹਨ। ਹੁਣ ਆਈ. ਸੀ. ਸੀ. ਅਜਿਹੀ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਵਿਚ ਉਹ ਮੌਜੂਦਾ ਅਤੇ ਆਉਣ ਵਾਲੀ ਪ੍ਰਾਈਵੇਟ ਟੀ-20 ਲੀਗ 'ਤੇ ਨਜ਼ਰ ਰੱਖ ਸਕੇ। ਆਈ. ਸੀ. ਸੀ. ਮੁਤਾਬਕ ਉਹ ਦੁਨੀਆ ਭਰ ਵਿਚ ਚਲ ਰਹੀ ਵੱਖ-ਵੱਖ ਲੀਗਾਂ 'ਤੇ ਕੰਟ੍ਰੋਲ ਰੱਖਣੀ ਚਾਹੁੰਦੀ ਹੈ। ਇਹ ਲੀਗਾਂ ਕਿਵੇਂ ਕੰਮ ਕਰਦੀਆਂ ਹਨ ਉਹ ਆਈ. ਸੀ. ਸੀ. ਜਾਣਨਾ ਚਾਹੁੰਦੀ ਹੈ। ਫਿਲਹਾਲ ਬੀ. ਸੀ. ਸੀ. ਆਈ. ਨੇ ਉਸ ਦੀ ਇਸ ਗੱਲ ਤੋਂ ਸਹਿਮਤ ਨਹੀਂ ਹੈ। ਦੱਸਣਯੋਗ ਹੈ ਕਿ ਆਈ. ਪੀ. ਐੱਲ. ਦਾ 12ਵਾਂ ਸੀਜ਼ਨ 23 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੇ ਚੇਅਰਮੈਨ ਰਾਜੀਵ ਸ਼ੁਕਲਾ ਹਨ। ਪਾਕਿਸਤਾਨੀ ਖਿਡਾਰੀਆਂ ਨੂੰ ਇਸ ਟੂਰਨਾਮੈਂਟ ਵਿਚ ਖੇਡਣ ਦੀ ਇਜਾਜ਼ਤ ਨਹੀਂ ਹੈ।