ਮੈਂ ਬੀਤੇ ਸੀਜ਼ਨ ਜੋ ਵੀ ਕਿਹਾ ਉਸਦਾ ਮੈਨੂੰ ਕੋਈ ਪਛਤਾਵਾ ਨਹੀਂ : ਮੇਸੀ
Monday, Aug 05, 2019 - 02:05 PM (IST)

ਨਵੀਂ ਦਿੱਲੀ : ਸਪੇਨ ਦੇ ਕਲੱਬ ਬਾਰਸੀਲੋਨਾ ਦੇ ਕਪਤਾਨ ਲਿਓਨੇਲ ਮੇਸੀ ਨੇ ਕਿਹਾ ਕਿ ਬੀਤੇ ਸੀਜ਼ਨ ਯੂ. ਈ. ਐੱਫ. ਏ. ਚੈਂਪੀਅਨਸ ਲੀਗ ਵਿਚ ਜੋ ਹੋਇਆ ਉਸ ਤੋਂ ਬਾਅਦ ਪ੍ਰਸ਼ੰਸਕਾਂ ਦੇ ਸਾਹਮਣੇ ਆਉਣਾ ਮੁਸ਼ਕਲ ਸੀ। ਉਸ ਨੇ ਕਿਹਾ ਬੀਤੇ ਸੀਜ਼ਨ ਜੋ ਮੈਂ ਕਿਹਾ ਸੀ ਮੈਨੂੰ ਉਸਦਾ ਪਛਤਾਵਾ ਨਹੀਂ ਹੈ ਅਤੇ ਉਹ ਇਸ ਵਾਰ ਫਿਰ ਉਹੀ ਗੱਲ ਦੁਹਰਾਉਣਗੇ। ਮੇਸੀ ਨੇ ਕਿਹਾ, ''ਮੈਨੂੰ ਕਿਸੇ ਵੀ ਚੀਜ਼ ਦਾ ਪਛਤਾਵਾ ਨਹੀਂ ਹੈ। ਮੈਂ ਉਹੀ ਦੁਹਰਾਉਂਗਾ ਜੋ ਬੀਤੇ ਸੀਜ਼ਨ ਕਿਹਾ ਸੀ।''
ਸਮਾਚਾਰ ਏਜੇਂਸੀ ਮੁਤਾਬਕ ਕੈਂਪ ਨਾਓ ਵਿਚ ਜਾਨ ਕੈਂਪਰ ਟ੍ਰਾਫੀ ਵਿਚ ਆਰਸੇਨਲ ਨਾਲ ਦੋਸਤਾਨਾ ਮੈਚ ਤੋਂ ਪਹਿਲਾਂ ਮੇਸੀ ਨੇ ਜਦੋਂ ਮਾਈਕ ਲਿਆ ਤੱਦ ਪ੍ਰਸ਼ੰਸਕ ਉਸਦੇ ਨਾਂ ਦੇ ਨਾਅਰੇ ਲਗਾ ਰਹੇ ਸਨ। ਮੇਸੀ ਨੇ ਕਿਹਾ ਕਿ ਆਉਣ ਵਾਲੇ ਸੀਜ਼ਨ ਲਈ ਉਸਦਾ ਸੰਦੇਸ਼ ਉਹੀ ਹੈ ਜੋ ਬੀਤੇ ਸੀਜ਼ਨ ਵਿਚ ਸੀ। ਮੇਸੀ ਨੇ ਕਿਹਾ, ''ਮੈਨੂੰ ਇਸ ਟੀਮ, ਖਿਡਾਰੀਆਂ ਅਤੇ ਕੋਚਿੰਗ ਸਟਾਫ 'ਤੇ ਭਰੋਸਾ ਹੈ। ਮੈਨੂੰ ਇਸ ਗੱਲ ਦਾ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਸੀਜ਼ਨ ਵਿਚ ਪੂਰੇ ਦਮ ਨਾਲ ਖੇਡਾਂਗੇ। ਪਿਛਲੇ ਸੀਜ਼ਨ ਦੀ ਸਮਾਪਤੀ ਚੰਗੀ ਨਹੀਂ ਰਹੀ ਪਰ ਅਸੀਂ ਘਰੇਲੂ ਸੈਸ਼ਨ ਵਿਚ ਆਪਣੀ ਬਾਦਸ਼ਾਹਤ ਬਰਕਾਰ ਰੱਖੀ ਬਸ ਚੈਂਪੀਅਨਸ ਲੀਗ ਜਿੱਤਣ ਤੋਂ ਖੁੰਝ ਗਏ।''