ਮੈਨੂੰ ਨਹੀਂ ਲਗਦਾ ਕਿ ਵਿਰਾਟ ਕੋਹਲੀ ਖ਼ਰਾਬ ਫ਼ਾਰਮ ਤੋਂ ਗੁਜ਼ਰ ਰਹੇ ਹਨ : ਬੱਲੇਬਾਜ਼ੀ ਕੋਚ ਰਾਠੌਰ
Tuesday, Feb 15, 2022 - 10:46 AM (IST)
ਸਪੋਰਟਸ ਡੈਸਕ- ਲੰਬੇ ਸਮੇਂ ਤੋਂ ਵਿਰਾਟ ਕੋਹਲੀ ਦੀ ਖ਼ਰਾਬ ਫਾਰਮ ਨੂੰ ਲੈ ਕੇ ਭਾਰਤ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਚਿੰਤਤ ਨਹੀਂ ਹਨ ਅਤੇ ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਕਿ ਵੈਸਟਇੰਡੀਜ਼ ਖ਼ਿਲਾਫ਼ ਟੀ-20 ਸੀਰੀਜ਼ ’ਚ ਉਹ ਫਾਰਮ ’ਚ ਜ਼ਰੂਰ ਪਰਤਣਗੇ। ਪਿਛਲੇ ਮਹੀਨੇ ਤਿੰਨ ਫਾਰਮੈਟਾਂ ’ਚ ਕਪਤਾਨੀ ਤੋਂ ਵਿਦਾ ਲੈਣ ਵਾਲੇ ਕੋਹਲੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ’ਚ 8.6 ਦੀ ਔਸਤ ਨਾਲ 26 ਦੌੜਾਂ ਹੀ ਬਣਾ ਸਕੇ, ਜਿਸ ਵਿਚੋਂ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 18 ਦੌੜਾਂ ਸੀ।
ਇਹ ਵੀ ਪੜ੍ਹੋ : ਬੈਂਗਲੁਰੂ 'ਚ ਨਵੇਂ NCA ਦਾ ਕੰਮ ਸ਼ੁਰੂ, BCCI ਦੇ ਉੱਚ ਅਧਿਕਾਰੀਆਂ ਨੇ ਰੱਖਿਆ ਨੀਂਹ ਪੱਥਰ
ਰਾਠੌਰ ਨੇ ਕਿਹਾ ਕਿ ਕੋਹਲੀ ਨੈੱਟਸ ’ਤੇ ਚੰਗਾ ਖੇਡ ਰਹੇ ਹਨ ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਫਾਰਮ ’ਚ ਨਹੀਂ ਹਨ। ਉਨ੍ਹਾਂ ਬੁੱਧਵਾਰ ਨੂੰ ਈਡਨ ਗਾਰਡਨ ’ਤੇ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਪਹਿਲਾਂ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਉਹ ਖ਼ਰਾਬ ਫਾਰਮ ਵਿਚੋਂ ਗੁਜ਼ਰ ਰਹੇ ਹਨ। ਵੈਸਟਇੰਡੀਜ਼ ਖ਼ਿਲਾਫ਼ ਸੀਰੀਜ਼ ’ਚ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਪਰ ਇਸ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ।’
ਕੋਹਲੀ ਨੇ ਪਿਛਲੇ ਦੋ ਸਾਲਾਂ ’ਚ ਕੌਮਾਂਤਰੀ ਕ੍ਰਿਕਟ ’ਚ ਸੈਂਕੜਾ ਨਹੀਂ ਲਾਇਆ ਹੈ। ਪਿਛਲੀ ਵਾਰ ਨਵੰਬਰ 2019 ’ਚ ਉਨ੍ਹਾਂ ਬੰਗਲਾਦੇਸ਼ ਖ਼ਿਲਾਫ਼ ਡੇ-ਨਾਈਟ ਟੈਸਟ ’ਚ ਸੈਂਕੜਾ ਬਣਾਇਆ ਸੀ। ਰਾਠੌਰ ਨੇ ਕਿਹਾ, ‘ਉਹ ਨੈੱਟਸ ’ਤੇ ਚੰਗੀ ਬੱਲੇਬਾਜ਼ੀ ਕਰ ਰਹੇ ਹਨ। ਮੈਨੂੰ ਯਕੀਨ ਹੈ ਕਿ ਟੀ-20 ਸੀਰੀਜ਼ ’ਚ ਉਹ ਵੱਡੀ ਪਾਰੀ ਖੇਡਣਗੇ।’ ਇਹ ਸੀਰੀਜ਼ ਅਕਤੂਬਰ ’ਚ ਆਸਟ੍ਰੇਲੀਆ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਅਹਿਮ ਹੈ ਅਤੇ ਰਾਠੌਰ ਨੇ ਯਕੀਨ ਪ੍ਰਗਟਾਇਆ ਕਿ ਉਨ੍ਹਾਂ ਦੇ ਬੱਲੇਬਾਜ਼ ਆਸਟ੍ਰੇਲੀਆ ’ਚ ਦਮਦਾਰ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਬੱਲੇਬਾਜ਼ੀ ’ਚ ਕੋਈ ਸਮੱਸਿਆ ਨਹੀਂ ਹੈ। ਸਾਰੇ ਬੱਲੇਬਾਜ਼ ਉਨ੍ਹਾਂ ਹਾਲਾਤ ’ਚ ਚੰਗਾ ਖੇਡਣ ’ਚ ਸਮਰੱਥ ਹਨ। ਅਸੀਂ ਆਸਟ੍ਰੇਲੀਆ ’ਚ ਹੋਣ ਵਾਲੇ ਵਿਸ਼ਵ ਕੱਪ ’ਤੇ ਫੋਕਸ ਕਰਕੇ ਤਿਆਰੀ ਕਰ ਰਹੇ ਹਨ। ਕੁਝ ਖਿਡਾਰੀ ਜ਼ਖ਼ਮੀ ਹਨ ਅਤੇ ਜਦੋਂ ਤਕ ਸਾਰੇ ਫਿੱਟ ਨਹੀਂ ਹੋ ਜਾਂਦੇ, ਉਨ੍ਹਾਂ ਦੀਆਂ ਭੂਮਿਕਾਵਾਂ ਦੇ ਬਾਰੇ ’ਚ ਕੁਝ ਕਹਿਣਾ ਮੁਸ਼ਕਲ ਹੋਵੇਗਾ।’
ਇਹ ਪੁੱਛਣ ’ਤੇ ਕਿ ਕੀ ਟੀਮ ਮੈਨੇਜਮੈਂਟ ਭਵਿੱਖ ’ਚ ਰਿਸ਼ਭ ਪੰਤ ਤੋਂ ਪਾਰੀ ਦਾ ਆਗਾਜ਼ ਕਰਵਾਉਣ ਦੀ ਸੋਚ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੇਠਲੇ ਮੱਧਕ੍ਰਮ ’ਚ ਉਤਾਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਇਹ ਬਹੁਤ ਅੱਗੇ ਦੀ ਗੱਲ ਹੈ। ਮੈਨੂੰ ਨਹੀਂ ਪਤਾ ਕਿ 2023 ਤੋਂ ਬਾਅਦ ਮੈਂ ਟੀਮ ਨਾਲ ਰਹਾਂਗਾ ਜਾਂ ਨਹੀਂ। ਜਿੱਥੋਂ ਤਕ ਰਿਸ਼ਭ ਦੀ ਗੱਲ ਹੈ ਤਾਂ ਉਹ ਉੱਪਰ ਬੱਲੇਬਾਜ਼ੀ ਕਰ ਸਕਦੇ ਹਨ। ਇਹ ਟੀਮ ਦੀ ਜ਼ਰੂਰਤ ’ਤੇ ਨਿਰਭਰ ਕਰੇਗਾ ਪਰ ਅਸੀਂ ਉਨ੍ਹਾਂ ਨੂੰ ਹੇਠਲੇ ਮੱਧਕ੍ਰਮ ’ਚ ਉਤਾਰ ਸਕਦੇ ਹਾਂ, ਕਿਉਂਕਿ ਉਥੇ ਸਾਡੇ ਕੋਲ ਖੱਬੇ ਹੱਥ ਦਾ ਬੱਲੇਬਾਜ਼ ਨਹੀਂ ਹੈ।’
ਇਹ ਵੀ ਪੜ੍ਹੋ : ਡੋਪ ਟੈਸਟ 'ਚ ਅਸਫਲ ਰਹਿਣ ਦੇ ਬਾਵਜੂਦ ਖੇਡੇਗੀ ਰੂਸੀ ਸਕੇਟਰ ਵਾਲੀਏਵਾ
ਦੱਖਣੀ ਅਫਰੀਕਾ ਦੌਰੇ ’ਤੇ ਨਾਕਾਮੀ ਤੋਂ ਬਾਅਦ ਮੱਧਕ੍ਰਮ ਦੇ ਖ਼ਰਾਬ ਪ੍ਰਦਰਸ਼ਨ ਲਈ ਰਾਠੌਰ ਦੀ ਆਲੋਚਨਾ ਹੋਈ ਸੀ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਟੀ-20 ਅਤੇ ਵਨ ਡੇ ’ਚ ਮੱਧਕ੍ਰਮ ਦਾ ਪ੍ਰਦਰਸ਼ਨ ਕਦੇ ਚਿੰਤਾ ਦਾ ਵਿਸ਼ਾ ਨਹੀਂ ਸੀ। ਅਹਿਮਦਾਬਾਦ ’ਚ ਵਿਕਟ ਪੇਚੀਦਾ ਸੀ, ਪਰ ਸ਼ੁਰੂਆਤੀ ਵਿਕਟ ਗੁਆਉਣ ਤੋਂ ਬਾਅਦ ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ ਅਤੇ ਪੰਤ ਨੇ ਮੱਧਕ੍ਰਮ ’ਚ ਚੰਗੀ ਬੱਲੇਬਾਜ਼ੀ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।