ਮੇਜ਼ਬਾਨ ਯੂ. ਏ. ਈ. ਤੇ ਬਹਿਰੀਨ ਨੇ ਖੇਡਿਆ 1-1 ਦਾ ਡਰਾਅ
Sunday, Jan 06, 2019 - 07:50 PM (IST)
ਆਬੂ ਧਾਬੀ : ਮੇਜ਼ਬਾਨ ਸੰਯੁਕਤ ਅਰਬ ਅਮੀਰਾਤ ਨੇ 88ਵੇਂ ਮਿੰਟ ਦੀ ਪੈਨਲਟੀ 'ਤੇ ਗੋਲ ਦੇ ਦਮ 'ਤੇ ਬਹਿਰੀਨ ਵਿਰੁੱਧ ਏਸ਼ੀਆ ਕੱਪ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨੀ ਮੁਕਾਬਲਾ 1-1 ਨਾਲ ਡਰਾਅ ਖੇਡਿਆ।
ਬਹਿਰੀਨ ਨੇ ਇੱਥੇ ਖੇਡੇ ਗਏ ਗਰੁੱਪ-ਏ ਦੇ ਇਸ ਮੁਕਾਬਲੇ ਦਾ ਪਹਿਲਾ ਹਾਫ ਗੋਲ ਰਹਿਤ ਰਹਿਣ ਤੋਂ ਬਾਅਦ 74ਵੇਂ ਮਿੰਟ ਵਿਚ ਮੁਹੰਮਦ ਅਲ ਰੋਹੇਮੀ ਦੇ ਗੋਲ ਨਾਲ ਬੜ੍ਹਤ ਬਣਾਈ ਪਰ ਮੈਚ ਦੇ 88ਵੇਂ ਮਿੰਟ ਵਿਚ ਬਹਿਰੀਨ ਨੇ ਮੁਹੰਮਦ ਮਾਰਹੂਨ ਨੇ ਬਾਕਸ ਦੇ ਅੰਦਰ ਬਾਲ ਨੂੰ ਹੈਂਡਲ ਕਰ ਦਿੱਤਾ, ਜਿਸ ਨਾਲ ਮੇਜ਼ਬਾਨ ਟੀਮ ਨੂੰ ਪੈਨਲਟੀ ਮਿਲ ਗਈ। ਆਪਣਾ 100ਵਾਂ ਕੌਮਾਂਤਰੀ ਮੈਚ ਖੇਡ ਰਹੇ ਬਦਲਵੇਂ ਖਿਡਾਰੀ ਅਹਿਮਦ ਖਲੀਲ ਨੇ ਪੈਨਲਟੀ 'ਤੇ ਗੋਲ ਕਰਨ ਵਿਚ ਕੋਈ ਗਲਤੀ ਨਹੀਂ ਕੀਤੀ ਤੇ ਯੂ. ਏ. ਈ. ਨੂੰ ਬਰਾਬਰੀ ਦਿਵਾ ਦਿੱਤੀ।
