ਅੰਮ੍ਰਿਤਸਰ ''ਚ ਹੋਇਆ ਲਖਨਊ ਤੋਂ ਆ ਰਹੀ ਹਾਕੀ ਵਿਸ਼ਵ ਕੱਪ ਟਰਾਫੀ ਦਾ ਸਵਾਗਤ
Wednesday, Dec 14, 2022 - 07:51 PM (IST)
ਅੰਮ੍ਰਿਤਸਰ : ਐਫਆਈਐਚ ਹਾਕੀ ਪੁਰਸ਼ ਵਿਸ਼ਵ ਕੱਪ ਟਰਾਫੀ ਭਾਰਤ ਦੇ 50 ਦਿਨਾਂ ਦੌਰੇ ਦੇ 10ਵੇਂ ਦਿਨ ਬੁੱਧਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਪਹੁੰਚੀ। ਸੁਰਜੀਤ ਹਾਕੀ ਸੁਸਾਇਟੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਨੇ ਇੱਥੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਲਖਨਊ ਤੋਂ ਆਈ ਟਰਾਫੀ ਦਾ ਸਵਾਗਤ ਕੀਤਾ। ਇਸ ਮੌਕੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਆਈਪੀਐਸ (ਸੇਵਾਮੁਕਤ), ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਓਲੰਪੀਅਨ ਹਰਪ੍ਰੀਤ ਸਿੰਘ ਮੰਦਰ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਐਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ 2023 ਦੀ ਟਰਾਫੀ ਟੂਰ ਦੀ ਸ਼ੁਰੂਆਤ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ 5 ਦਸੰਬਰ ਨੂੰ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੂੰ ਟਰਾਫੀ ਸੌਂਪ ਕੇ ਕੀਤੀ ਸੀ। ਭੁਵਨੇਸ਼ਵਰ ਪਰਤਣ ਤੋਂ ਪਹਿਲਾਂ ਇਹ ਟਰਾਫੀ 12 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਯਾਤਰਾ ਕਰੇਗੀ। ਟਰਾਫੀ ਪੱਛਮੀ ਬੰਗਾਲ, ਮਨੀਪੁਰ, ਅਸਾਮ, ਝਾਰਖੰਡ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਨਵੀਂ ਦਿੱਲੀ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਕੇਰਲਾ ਅਤੇ ਕਰਨਾਟਕ ਦੇ 21 ਦਿਨਾਂ ਦੇ ਦੌਰੇ 'ਚ ਲੰਘੇਗੀ ਅਤੇ ਦਸੰਬਰ ਦੇ ਅਖੀਰ 'ਚ ਉੜੀਸਾ ਪਰਤੇਗੀ। ਇਹ ਵਿਸ਼ਵ ਕੱਪ 13 ਜਨਵਰੀ 2023 ਤੋਂ ਆਯੋਜਿਤ ਕੀਤਾ ਜਾਵੇਗਾ।