ਹਾਕੀ ਵਿਸ਼ਵ ਕੱਪ : ਅਰਜਨਟੀਨਾ ਨੂੰ ਹਰਾ ਕੇ ਇੰਗਲੈਂਡ ਸੈਮੀਫਾਈਨਲ ''ਚ
Wednesday, Dec 12, 2018 - 10:15 PM (IST)

ਭੁਵਨੇਸ਼ਵਰ- ਰੀਓ ਓਲੰਪਿਕ ਚੈਂਪੀਅਨ ਤੇ ਦੁਨੀਆ ਦੀ ਦੂਸਰੇ ਨੰਬਰ ਦੀ ਟੀਮ ਅਰਜਨਟੀਨਾ ਨੂੰ ਤਣਾਅਪੂਰਨ ਮੁਕਾਬਲੇ ਵਿਚ 3-2 ਨਾਲ ਹਰਾ ਕੇ ਇੰਗਲੈਂਡ ਨੇ ਲਗਾਤਾਰ ਤੀਸਰੀ ਵਾਰ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਵਿਸ਼ਵ ਰੈਂਕਿੰਗ 'ਚ 7ਵੇਂ ਸਥਾਨ 'ਤੇ ਕਾਬਜ਼ ਇੰਗਲੈਂਡ ਦੀ ਟੀਮ 2010 ਤੇ 2014 ਵਿਸ਼ਵ ਕੱਪ 'ਚ ਵੀ ਸੈਮੀਫਾਈਨਲ 'ਚ ਪੁੱਜੀ ਸੀ। ਉਥੇ ਹੀ ਇਸ ਟੂਰਨਾਮੈਂਟ 'ਚ ਅਰਜਨਟੀਨਾ 2 ਸਾਲ ਪਹਿਲਾਂ ਰੀਓ ਓਲੰਪਿਕ 'ਚ ਕੀਤੇ ਗਏ ਪ੍ਰਦਰਸ਼ਨ ਨੂੰ ਦੁਹਰਾਅ ਨਹੀਂ ਸਕੀ। ਪੂਲ ਪੜਾਅ ਵਿਚ ਵੀ ਉਸ ਨੂੰ ਫਰਾਂਸ ਨੇ 5-3 ਨਾਲ ਹਰਾ ਦਿੱਤਾ ਸੀ।
ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਇੰਗਲੈਂਡ ਨੇ ਤਿੰਨੋਂ ਕੁਆਰਟਰ ਵਿਚ ਫੀਲਡ ਗੋਲ ਕੀਤੇ ਜਦਕਿ ਪੈਨਲਟੀ ਕਾਰਨਰ ਮਾਹਰ ਗੋਂਜਾਲੋ ਪੇਲਾਟ ਦੇ 2 ਗੋਲਾਂ ਦੇ ਬਾਵਜੂਦ ਅਰਜਨਟੀਨਾ ਵਾਪਸੀ ਨਹੀਂ ਕਰ ਸਕੀ। ਇੰਗਲੈਂਡ ਲਈ ਬੈਰੀ ਮਿਡਲਟਨ (27ਵਾਂ), ਵਿਲ ਕੈਲਨਾਨ (45ਵਾਂ) ਤੇ ਹੈਨਰੀ ਮਾਰਟਿਨ (49ਵਾਂ) ਨੇ ਗੋਲ ਕੀਤੇ, ਜਦਕਿ ਅਰਜਨਟੀਨਾ ਲਈ ਪੇਲਾਟ ਨੇ 17ਵੇਂ ਤੇ 48ਵੇਂ ਮਿੰਟ 'ਚ ਗੋਲ ਕੀਤੇ। ਮੈਚ ਵਿਚ ਅਰਜਨਟੀਨਾ ਦੇ 4 ਤੇ ਇੰਗਲੈਂਡ ਦੇ 3 ਖਿਡਾਰੀਆਂ ਨੂੰ ਪੀਲੇ ਤੇ ਹਰੇ ਕਾਰਡ ਦਿਖਾਏ ਗਏ। ਅਰਜਨਟੀਨਾ ਦੇ ਗੋਲਕੀਪਰ ਜੁਆਨ ਵਿਵਾਲਡੀ ਨੇ ਕੁਝ ਚੰਗੇ ਗੋਲ ਬਚਾਏ ਨਹੀਂ ਤਾਂ ਅੰਤਰ ਹੋਰ ਵੀ ਜ਼ਿਆਦਾ ਹੁੰਦਾ।