ਹਾਕੀ : ਓਲੰਪਿਕ ਕੁਆਲੀਫਾਇਰ ਦੀ ਟਿਕਟ ਕਟਾਉਣ ਉਤਰੇਗਾ ਭਾਰਤ
Thursday, Jun 13, 2019 - 09:53 PM (IST)

ਭੁਵਨੇਸ਼ਵਰ— ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਅਤੇ ਵਿਸ਼ਵ ਦੀ 5ਵੇਂ ਨੰਬਰ ਦੀ ਟੀਮ ਭਾਰਤ ਐੱਫ. ਆਈ. ਐੈੱਚ. ਸੀਰੀਜ਼ ਫਾਈਨਲਸ ਦੇ ਸ਼ੁੱਕਰਵਾਰ ਨੂੰ ਹੋਣ ਵਾਲੇ ਸੈਮੀਫਾਈਨਲ ਵਿਚ ਏਸ਼ੀਆਈ ਖੇਡਾਂ ਦੀ ਜੇਤੂ ਜਾਪਾਨ ਵਿਰੁੱਧ ਟੋਕੀਓ ਓਲੰਪਿਕ ਕੁਆਲੀਫਾਇਰ ਦੀ ਟਿਕਟ ਕਟਾਉਣ ਦੇ ਟੀਚੇ ਨਾਲ ਉਤਰੇਗੀ।
ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਦੇ ਖਿਤਾਬੀ ਮੁਕਾਬਲੇ ਵਿਚ ਪਹੁੰਚਣ ਵਾਲੀਆਂ ਟੀਮਾਂ ਨੂੰ ਇਸ ਸਾਲ ਦੇ ਆਖਿਰ ਵਿਚ ਹੋਣ ਵਾਲੇ ਟੋਕੀਓ ਓਲੰਪਿਕ ਕੁਆਲੀਫਾਇਰ ਵਿਚ ਉਤਰਨ ਦਾ ਮੌਕਾ ਮਿਲੇਗਾ। ਭਾਰਤ ਨੂੰ ਜਾਪਾਨ ਹੱਥੋਂ ਇਹ ਮੁਕਾਬਲਾ ਜਿੱਤਣਾ ਪਵੇਗਾ। ਭਾਰਤ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ ਵਿਚ ਜਾਪਾਨ ਨੂੰ ਗਰੁੱਪ ਮੁਕਾਬਲੇ ਵਿਚ 8-0 ਨਾਲ ਹਰਾਇਆ ਸੀ। ਹਾਲਾਂਕਿ ਭਾਰਤ ਨੂੰ ਸੈਮੀਫਾਈਨਲ ਵਿਚ ਸਡਨ ਡੈੱਥ ਵਿਚ ਮਲੇਸ਼ੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਜਾਪਾਨ ਨੇ ਫਾਈਨਲ ਵਿਚ ਮਲੇਸ਼ੀਆ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਜਾਪਾਨ ਟੋਕੀਓ ਓਲੰਪਿਕ ਦਾ ਮੇਜ਼ਬਾਨ ਹੋਣ ਦੇ ਨਾਤੇ ਹਾਕੀ ਪ੍ਰਤੀਯੋਗਿਤਾ ਵਿਚ ਖੇਡਣ ਦਾ ਪਹਿਲਾਂ ਹੀ ਦਾਅਵੇਦਾਰ ਬਣ ਚੁੱਕਾ ਹੈ। ਭਾਰਤ ਅਤੇ ਜਾਪਾਨ ਵਿਚਾਲੇ ਹੁਣ ਤਕ 11 ਵਾਰ ਕਿਸੇ ਵੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਮੁਕਾਬਲਾ ਹੋਇਆ ਹੈ ਅਤੇ ਹਰ ਵਾਰ ਭਾਰਤੀ ਟੀਮ ਜਿੱਤੀ ਹੈ। ਓਵਰਆਲ ਦੋਵੇਂ ਟੀਮਾਂ ਵਿਚਾਲੇ 83 ਮੁਕਾਬਲਿਆਂ ਵਿਚੋਂ 75 ਭਾਰਤ ਨੇ ਅਤੇ 4 ਜਾਪਾਨ ਨੇ ਜਿੱਤੇ ਹਨ।