CWG 2022 : ਹਿਮਾ ਦਾਸ ਦੀ ਗੁੰਮਰਾਹ ਕਰਨ ਵਾਲੀ ਵੀਡੀਓ ਵਾਇਰਲ, ਸਹਿਵਾਗ ਨੇ ਕਰ ਦਿੱਤੀ ਸ਼ੇਅਰ

Sunday, Jul 31, 2022 - 01:49 PM (IST)

CWG 2022 : ਹਿਮਾ ਦਾਸ ਦੀ ਗੁੰਮਰਾਹ ਕਰਨ ਵਾਲੀ ਵੀਡੀਓ ਵਾਇਰਲ, ਸਹਿਵਾਗ ਨੇ ਕਰ ਦਿੱਤੀ ਸ਼ੇਅਰ

ਸਪੋਰਟਸ ਡੈਸਕ- ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ ਨਾਲ ਜੁੜੀ ਇਕ ਗੁੰਮਰਾਹ ਕਰਨ ਵਾਲੀ ਵੀਡੀਓ ਸ਼ਨੀਵਾਰ ਨੂੰ ਵਾਇਰਲ ਹੋ ਗਈ ਹੈ ਤੇ ਇਸਦੀ ਵਜ੍ਹਾ ਨਾਲ ਕਈ ਲੋਕ ਗਲਤਫਹਿਮੀ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਵਿਚ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਵੀ ਸ਼ਾਮਲ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਟ੍ਰੈਕ ਐਂਡ ਫੀਲਡ ਪ੍ਰਤੀਯੋਗਿਤਾਵਾਂ ਦੀ ਸ਼ੁਰੂਆਤ ਤੋਂ 3 ਦਿਨ ਪਹਿਲਾਂ ਹਿਮਾ ਨਾਲ ਜੁੜੀ ਵੀਡੀਓ ਨੂੰ ਤਿੰਨ ਹਜ਼ਾਰ ਤੋਂ ਵੱਧ ਲਾਈਕਸ ਮਿਲੇ ਤੇ ਇਸ ਨੂੰ ਛੇ ਹਜ਼ਾਰ ਤੋਂ ਵੀ ਵੱਧ ਵਾਰ ਰੀ-ਟਵੀਟ ਕੀਤਾ ਗਿਆ।

‘ਪਿਗਾਸਸ’ ਨਾਂ ਦੇ ਹੈਂਡਲ ਨਾਲ ਟਵਿਟਰ ’ਤੇ ਪਾਈ ਗਈ ਇਸ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਿਮਾ ਦਾਸ ਨੇ ਬਰਮਿੰਘਮ ਵਿਚ ਰਾਸ਼ਟਰਮੰਡਲ ਖੇਡਾਂ ਵਿਚ 400 ਮੀਟਰ ਦਾ ਸੋਨ ਤਮਗਾ ਜਿੱਤਿਆ । ਇਹ ਵੀਡੀਓ 2018 ਵਿਚ ਫਿਨਲੈਂਡ ਦੇ ਟੇਂਪੇਯਰ ਵਿਚ ਹੋਈ ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਹੈ ਜਦੋਂ ਆਸਾਮ ਦੀ ਇਹ ਦੌੜਾਕ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਸੀ।

ਇਸ ਗੁੰਮਰਾਹ ਕਰਨ ਵਾਲੀ ਵੀਡੀਓ ਦਾ ਸ਼ਿਕਾਰ ਸਹਿਵਾਗ ਵੀ ਹੋ ਗਿਆ ਤੇ ਉਸ ਨੇ ਟਵੀਟ ਕਰ ਦਿੱਤਾ ਕਿ ਇਸ ਸਟਾਰ ਦੌੜਾਕ ਨੇ ਰਾਸ਼ਟਰਮੰਡਲ ਖੇਡਾਂ ਦੀ 400 ਮੀਟਰ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ ਹੈ। ਇਸ ਗ਼ਲਤ ਜਾਣਕਾਰੀ ਦੇ ਬਾਰੇ ਵਿਚ ਜਦੋਂ ਸਹਿਵਾਗ ਨੂੰ ਦੱਸਿਆ ਗਿਆ ਤਾਂ ਉਸ ਨੇ ਇਸ ਟਵੀਟ ਨੂੰ ਡਲੀਟ ਕਰ ਦਿੱਤਾ।  ਰਾਸ਼ਟਰਮੰਡਲ ਖੇਡਾਂ ਦੀਆਂ ਟ੍ਰੈਕ ਐਂਡ ਫੀਲਡ ਪ੍ਰਤੀਯੋਗਿਤਾਵਾਂ 2 ਅਗਸਤ ਤੋਂ ਅਲੈਗਜ਼ੈਂਡਰ ਸਟੇਡੀਅਮ ਵਿਚ ਸ਼ੁਰੂ ਹੋਣਗੀਆਂ। ਹਿਮਾ ਨੂੰ 200 ਮੀਟਰ ਵਿਚ ਹਿੱਸਾ ਲੈਣਾ ਹੈ, ਜਿਹੜੀ 4 ਅਗਸਤ ਨੂੰ ਹੋਵੇਗੀ। ਪ੍ਰਤੀਯੋਗਿਤਾ ਦੇ ਸੈਮੀਫਾਈਨਲ ਤੇ ਫਾਈਨਲ ਕ੍ਰਮਵਾਰ 5 ਤੇ 6 ਅਗਸਤ ਨੂੰ ਹੋਣਗੇ।


author

Tarsem Singh

Content Editor

Related News