ਹਿਕਾਰੂ ਨਾਕਾਮੁਰਾ ਵੀ ਪਹੁੰਚਿਆ ਕੁਆਰਟਰ ਫਾਈਨਲ ''ਚ

Saturday, Nov 14, 2020 - 12:27 AM (IST)

ਹਿਕਾਰੂ ਨਾਕਾਮੁਰਾ ਵੀ ਪਹੁੰਚਿਆ ਕੁਆਰਟਰ ਫਾਈਨਲ ''ਚ

ਅਮਰੀਕਾ (ਨਿਕਲੇਸ਼ ਜੈਨ)– ਸਪੀਡ ਚੈੱਸ ਆਨਲਾਈਨ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਪ੍ਰੀ ਕੁਆਰਟਰ ਫਾਈਨਲ ਵਿਚ ਅਮਰੀਕਾ ਦੇ ਧਾਕੜ ਖਿਡਾਰੀ ਹਿਕਾਰੂ ਨਾਕਾਮੁਰਾ ਨੇ ਅਰਮੀਨੀਆ ਦੇ ਨੌਜਵਾਨ ਖਿਡਾਰੀ ਹੈਕ ਮਰਤਿਰੋਸਯਾਨ ਨੂੰ ਇਕਪਾਸੜ ਅੰਦਾਜ਼ ਵਿਚ 21-5 ਨਾਲ ਹਰਾਉਂਦੇ ਹੋਏ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ, ਜਿੱਥੇ ਹੁਣ ਉਸਦਾ ਮੁਕਾਬਲਾ ਰੂਸ ਦੇ ਵਲਾਦੀਮਿਰ ਫੇਡੋਸੀਵ ਨਾਲ ਹੋਵੇਗਾ।
ਦੋਵਾਂ ਵਿਚਾਲੇ ਤੈਅ ਫਾਰਮੈੱਟ ਵਿਚ 3 ਸੈੱਟਾਂ ਨਾਲ ਮੁਕਾਬਲਾ ਹੋਇਆ। ਪਹਿਲੇ ਸੈੱਟ ਵਿਚ 90 ਮਿੰਟ ਤਕ ਚੱਲੇ 5+1 ਮਿੰਟ ਦੇ 8 ਮੁਕਾਬਲੇ ਹੋਏ, ਜਿਸ ਵਿਚ ਨਾਕਾਮੁਰਾ ਨੇ 7.5-0.5 ਨਾਲ ਜਿੱਤ ਦਰਜ ਕਰਦੇ ਹੋਏ ਸ਼ੁਰੂਆਤ ਤੋਂ ਹੀ ਦੱਸ ਦਿੱਤਾ ਸੀ ਕਿ ਮੁਕਾਬਲਾ ਉਮੀਦਾਂ ਦੇ ਅਨੁਸਾਰ ਇਕਪਾਸੜ ਹੋਣ ਵਾਲਾ ਹੈ। ਦੂਜੇ ਸੈੱਟ ਵਿਚ ਦੋਵਾਂ ਵਿਚਾਲੇ 60 ਮਿੰਟ ਤਕ 3+1 ਮਿੰਟ ਦੇ 8 ਮੁਕਾਬਲੇ ਹੋਏ, ਜਿਨ੍ਹਾਂ ਵਿਚ ਹਿਕਾਰੂ ਨਾਕਾਮੁਰਾ ਨੇ 3 ਮੁਕਾਬਲੇ ਜਿੱਤੇ ਤੇ 5 ਮੁਕਾਬਲੇ ਡਰਾਅ ਰਹੇ ਤੇ ਇਕ ਵਾਰ ਫਿਰ 5.5-2.5 ਦੇ ਫਰਕ ਨਾਲ ਜਿੱਤ ਕੇ ਕੁਲ ਸਕੋਰ 13-3 ਨਾਲ ਬੜ੍ਹਤ ਬਣਾ ਲਈ।
ਤੀਜੇ ਸੈੱਟ ਵਿਚ ਦੋਵਾਂ ਵਿਚਾਲੇ 30 ਮਿੰਟ ਤਕ 1+1 ਮਿੰਟ ਦੇ 10 ਮੁਕਾਬਲੇ ਹੋਏ, ਜਿੱਥੇ ਇਕ ਵਾਰ ਫਿਰ ਨਾਕਾਮੁਰਾ ਨੇ 7 ਮੁਕਾਬਲੇ ਜਿੱਤੇ, ਇਕ ਮੁਕਾਬਲਾ ਹੈਕ ਨੇ ਆਪਣੇ ਨਾਂ ਕੀਤਾ ਜਦਕਿ ਦੋ ਮੁਕਾਬਲੇ ਡਰਾਅ ਰਹੇ ਤੇ ਇਸ ਤਰ੍ਹਾਂ 8-2 ਨਾਲ ਨਤੀਜਾ ਨਾਕਾਮੁਰਾ ਦੇ ਪੱਖ ਵਿਚ ਰਿਹਾ ਤੇ ਕੁਲ ਸਕੋਰ 21-5 ਨਾਲ ਕਰਕੇ ਉਸ ਨੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।


author

Gurdeep Singh

Content Editor

Related News