ਹੈੱਡ ਨੇ ਲਗਾਤਾਰ ਦੂਜਾ ਐਲਨ ਬਾਰਡਰ ਤਮਗਾ ਜਿੱਤਿਆ, ਮਿਸ਼ੇਲ ਸਟਾਰਕ ‘ਟੈਸਟ ਪਲੇਅਰ ਆਫਿ ਦਿ ਯੀਅਰ’
Saturday, Aug 08, 2026 - 12:15 PM (IST)
ਮੈਲਬੋਰਨ– ਟੈਸਟ ਓਪਨਰ ਦੇ ਤੌਰ ’ਤੇ ਸ਼ਾਨਦਾਰ ਬਦਲਾਅ ਤੋਂ ਬਾਅਦ ਟ੍ਰੈਵਿਸ ਹੈੱਡ ਨੇ ਆਸਟ੍ਰੇਲੀਆਈ ਕ੍ਰਿਕਟ ਦੇ ਸਭ ਤੋਂ ਵੱਡੇ ਪੁਰਸ਼ ਐਵਾਰਡ ਲਈ ਐਲੇਕਸ ਕੈਰੀ ਨੂੰ ਇਕ ਵੋਟ ਤੇ ਮਿਸ਼ੇਲ ਸਟਾਰਕ ਨੂੰ ਤਿੰਨ ਵੋਟਾਂ ਨਾਲ ਪਿੱਛੇ ਛੱਡਦਿਆਂ ਲਗਾਤਾਰ ਦੂਜਾ ਐਲਨ ਬਾਰਡਰ ਤਮਗਾ ਜਿੱਤਿਆ।
ਹੈੱਡ ਨੇ ਐਸ਼ੇਜ਼ ’ਚ 87.36 ਦੀ ਸਟ੍ਰਾਈਕ ਰੇਟ ਨਾਲ 629 ਦੌੜਾਂ ਬਣਾਈਆਂ, ਜਿਨ੍ਹਾਂ ’ਚ 3 ਸੈਂਕੜੇ ਸ਼ਾਮਲ ਸਨ। ਉਸ ਨੇ ਪਰਥ ’ਚ ਜ਼ਖਮੀ ਉਸਮਾਨ ਖਵਾਜਾ ਦੀ ਜਗ੍ਹਾ ਰਨ ਚੇਜ਼ ਦੌਰਾਨ 83 ਗੇਂਦਾਂ ’ਤੇ 123 ਦੌੜਾਂ ਬਣਾ ਕੇ ਇੰਗਲੈਂਡ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਅਡੇਲੇਡ ’ਚ 170 ਤੇ ਐੱਸ. ਸੀ. ਜੀ. ’ਚ 163 ਦੌੜਾਂ ਬਣਾਈਆਂ।
ਹੈੱਡ ਰਿਕੀ ਪੋਂਟਿੰਗ, ਮਾਈਕਲ ਕਲਾਰਕ ਤੇ ਸਟੀਵ ਸਮਿੱਥ (4 ਵਾਰ), ਡੇਵਿਡ ਵਾਰਨਰ (3 ਵਾਰ) ਤੇ ਸ਼ੇਨ ਵਾਟਸਨ (2 ਵਾਰ) ਤੋਂ ਬਾਅਦ ਐਲਨ ਬਾਰਡਰ ਤਮਗਾ ਇਕ ਤੋਂ ਜ਼ਿਆਦਾ ਵਾਰ ਜਿੱਤਣ ਵਾਲਾ ਛੇਵਾਂ ਖਿਡਾਰੀ ਬਣ ਗਿਆ ਹੈ।
ਪਿਛਲੇ ਸਾਲ, ਜਦੋਂ ਹੈੱਡ ਨੂੰ ਕੋਚ ਐਂਡ੍ਰਿਊ ਮੈਕਡੋਨਾਲਡ ਨੇ ਗਾਲੇ ਦੇ ਇਕ ਹੋਟਲ ’ਚ ਤਮਗਾ ਦਿੱਤਾ ਸੀ, ਉਸ ਦੇ ਉਲਟ ਇਸ ਵਾਰ ਬਾਰਡਰ ਖੁਦ ਬ੍ਰਿਸਬੇਨ ’ਚ ਉਸ ਦਾ ਦੂਜਾ ਤਮਗਾ ਦੇਣ ਲਈ ਮੌਜੂਦ ਸੀ, ਹਾਲਾਂਕਿ ਇਹ ਪ੍ਰੋਗਰਾਮ ਵੀ ਟੀਮ ਦੇ ਡਾਰਵਿਨ ਜਾਣ ਤੋਂ ਪਹਿਲਾਂ ਇਕ ਸਾਦੇ ਸਮਾਰੋਹ ’ਚ ਹੋਇਆ।
ਸਟਾਰਕ, ਜਿਹੜਾ ਐਸ਼ੇਜ਼ ’ਚ ‘ਪਲੇਅਰ ਆਫ ਦਿ ਸੀਰੀਜ਼’ ਰਿਹਾ ਸੀ, ਉਸ ਨੂੰ ਵੋਟਿੰਗ ਪੀਰੀਅਡ ਦੌਰਾਨ 17.80 ਦੀ ਔਸਤ ਨਾਲ 52 ਵਿਕਟਾਂ ਲੈਣ ਲਈ ‘ਸ਼ੇਨ ਵਾਰਨ ਟੈਸਟ ਪਲੇਅਰ ਆਫ ਦਿ ਯੀਅਰ’ ਚੁਣਿਆ ਗਿਆ। ਉਹ ਐਲਨ ਬਾਰਡਰ ਤਮਗਾ ਸੂਚੀ ’ਚ ਤੀਜੇ ਸਥਾਨ ’ਤੇ ਰਿਹਾ। ਇਸ ’ਚ ਇੰਗਲੈਂਡ ਖਿਲਾਫ 19.93 ਦੀ ਔਸਤ ਨਾਲ ਲਈਆਂ ਗਈਆਂ 31 ਵਿਕਟਾਂ ਵੀ ਸ਼ਾਮਲ ਸਨ, ਜਦੋਂ ਉਸ ਨੇ ਉਸ ਗੇਂਦਬਾਜ਼ੀ ਹਮਲੇ ਦੀ ਅਗਵਾਈ ਕੀਤੀ ਸੀ ਜਿਸ ’ਚ ਜੋਸ਼ ਹੇਜ਼ਲਵੁੱਡ ਪੂਰੇ ਸਮੇਂ ਤੇ ਪੈਟ ਕਮਿੰਸ ਇਕ ਮੈਚ ਨੂੰ ਛੱਡ ਕੇ ਬਾਕੀ ਸਾਰੇ ਮੈਚਾਂ ’ਚ ਨਹੀਂ ਖੇਡ ਸਕਿਆ ਸੀ।
ਸਟਾਰਕ ਲਈ ਇਹ ਸਾਲ ਜਮੈਕਾ ’ਚ ਵੈਸਟਇੰਡੀਜ਼ ਦੇ ਖਿਲਾਫ 9 ਦੌੜਾਂ ਦੇ ਕੇ 6 ਵਿਕਟਾਂ ਲੈਣ ਦੇ ਪ੍ਰਦਰਸ਼ਨ ਲਈ ਵੀ ਯਾਦਗਾਰ ਰਿਹਾ, ਜਿੱਥੇ ਉਸ ਨੇ ਆਪਣੇ 100ਵੇਂ ਟੈਸਟ ’ਚ ਆਪਣੀ 400ਵੀਂ ਵਿਕਟ ਲਈ।
