ਧਾਕੜ ਭਾਰਤੀ ਖਿਡਾਰੀ ਨੇ ਪਾਸ ਕੀਤਾ ਫਿੱਟਨੈੱਸ ਟੈਸਟ, ਸ਼੍ਰੀਲੰਕਾ ਵਿਰੁੱਧ ਟੈਸਟ ਸੀਰੀਜ਼ ਖੇਡੇਗਾ
Saturday, Aug 01, 2026 - 11:19 AM (IST)
ਨਵੀਂ ਦਿੱਲੀ- ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਾਰੇ ਫਿੱਟਨੈੱਸ ਟੈਸਟ ਪਾਸ ਕਰ ਲਏ ਹਨ ਤੇ ਉਸ ਨੂੰ ਬੈਂਗਲੁਰੂ ਸਥਿਤ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਸੈਂਟਰ ਆਫ ਐਕਸੀਲੈਂਸ (ਸੀ. ਓ. ਈ.) ਨੇ ਅਗਲੇ ਮਹੀਨੇ ਸ਼੍ਰੀਲੰਕਾ ਵਿਰੁੱਧ ਹੋਣ ਵਾਲੀ 2 ਟੈਸਟ ਮੈਚਾਂ ਦੀ ਲੜੀ ’ਚ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ। ਬੁਮਰਾਹ ਨੂੰ ਉਸ ਦੀ ਫਿੱਟਨੈੱਸ ਦੇ ਆਧਾਰ ’ਤੇ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਉਹ ਹਾਲ ਹੀ ’ਚ ਇੰਗਲੈਂਡ ਵਿਰੁੱਧ ਵਨ ਡੇ ਲੜੀ ਦੌਰਾਨ ਜ਼ਖ਼ਮੀ ਹੋ ਗਿਆ ਸੀ। ਸੱਟ ਕਾਰਨ ਉਸ ਨੂੰ ਲਾਰਡਜ਼ ’ਚ ਖੇਡੇ ਗਏ ਤੀਜੇ ਵਨ ਡੇ ’ਚੋਂ ਬਾਹਰ ਬੈਠਣਾ ਪਿਆ ਸੀ।
ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, ‘‘ਜਸਪ੍ਰੀਤ ਬੁਮਰਾਹ ਸੱਟ ਤੋਂ ਉੱਭਰ ਚੁੱਕਾ ਹੈ। ਉਸ ਨੇ ਫਿੱਟਨੈੱਸ ਨਾਲ ਜੁੜੇ ਸਾਰੇ ਟੈਸਟ ਪਾਸ ਕਰ ਲਏ ਹਨ। ਉਮੀਦ ਹੈ ਕਿ ਉਹ ਸ਼੍ਰੀਲੰਕਾ ਵਿਰੁੱਧ ਦੋਵਾਂ ਮੈਚਾਂ ਲਈ ਉਪਲੱਬਧ ਰਹੇਗਾ ਕਿਉਂਕਿ ਉਹ ਟੀਮ ਰਣਨੀਤੀ ਦਾ ਅਹਿਮ ਹਿੱਸਾ ਹੈ।’’ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੈਸਟ ਮੈਚ 15 ਅਗਸਤ ਤੋਂ ਗਾਲੇ ’ਚ ਸ਼ੁਰੂ ਹੋਵੇਗਾ ਜਦਕਿ ਦੂਜਾ ਮੈਚ 23 ਅਗਸਤ ਤੋਂ ਕੋਲੰਬੋ ’ਚ ਖੇਡਿਆ ਜਾਵੇਗਾ। ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਦੀ ਦੌੜ ’ਚ ਬਣੇ ਰਹਿਣ ਲਈ ਮੌਜੂਦਾ ਚੱਕਰ ਦੇ ਬਾਕੀ 9 ਟੈਸਟ ਮੈਚਾਂ ’ਚੋਂ 7 ਮੈਚਾਂ ’ਚ ਜਿੱਤ ਦਰਜ ਕਰਨੀ ਪਵੇਗੀ।
ਨਿਊਜ਼ੀਲੈਂਡ ਵਿਰੁੱਧ ਉਸ ਦੀ ਧਰਤੀ ’ਤੇ ਹੋਣ ਵਾਲੀ ਲੜੀ ਤੋਂ ਪਹਿਲਾਂ ਭਾਰਤ ਲਈ ਸ਼੍ਰੀਲੰਕਾ ’ਚ ਲੜੀ ਨੂੰ 2-0 ਦੇ ਫਰਕ ਨਾਲ ਜਿੱਤਣਾ ਬਹੁਤ ਮਹੱਤਵਪੂਰਨ ਹੈ। ਨਿਊਜ਼ੀਲੈਂਡ ਵਿਰੁੱਧ ਉਸ ਦੀ ਧਰਤੀ ’ਤੇ ਹੋਣ ਵਾਲੀ ਲੜੀ ਕਾਫੀ ਚੁਣੌਤੀਪੂਰਨ ਹੋਣ ਦੀ ਉਮੀਦ ਹੈ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਤੇ ਆਲਰਾਊਂਡਰ ਨਿਤੀਸ਼ ਰੈੱਡੀ ਜ਼ਖ਼ਮੀ ਹੋਣ ਕਾਰਨ ਸ਼੍ਰੀਲੰਕਾ ਵਿਰੁੱਧ ਲੜੀ ’ਚ ਨਹੀਂ ਖੇਡ ਸਕਣਗੇ। ਆਲਰਾਊਂਡਰ ਵਾਸ਼ਿੰਗਟਨ ਸੁੰਦਰ ਵੀ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਪਹਿਲੇ ਟੈਸਟ ਮੈਚ ਤੋਂ ਬਾਹਰ ਹੋ ਗਿਆ ਹੈ ਜਦਕਿ ਤੇਜ਼ ਗੇਂਦਬਾਜ਼ ਆਕਾਸ਼ਦੀਪ ਅਜੇ ਤੱਕ ਪਿੱਠ ਦੇ ਦਰਦ ਤੋਂ ਉੱਭਰ ਨਹੀਂ ਸਕਿਆ ਹੈ।
