ਪੰਡਯਾ ਦੀ ਮੌਜੂਦਗੀ ਨਾਲ ਬਣਨ ਵਾਲਾ ਸੰਤੁਲਨ ਟੀਮ ਲਈ ਜ਼ਰੂਰੀ : ਧਵਨ
Thursday, Jan 17, 2019 - 02:06 PM (IST)

ਮੈਲਬੋਰਨ : ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀਰਵਾਰ ਨੂੰ ਕਿਹਾ ਕਿ ਮੁਅੱਤਲ ਆਲਰਾਊਂਡਰ ਹਾਰਦਿਕ ਪੰਡਯਾ ਦੀ ਮੌਜੂਦਗੀ ਟੀਮ ਦੇ ਸੰਤੁਲਨ ਲਈ ਜ਼ਰੂਰੀ ਹੈ ਪਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਦੀ ਟੀਮ ਆਸਟਰੇਲੀਆ ਖਿਲਾਫ ਵਨ ਡੇ ਵਿਚ 5ਵੇਂ ਗੇਂਦਬਾਜ਼ ਦੀ ਕਮੀ ਮਹਿਸੂਸ ਕਰ ਰਹੀ ਹੈ। ਭਾਰਤੇ ਅਤੇ ਆਸਟਰੇਲੀਆ ਵਿਚਾਲੇ ਤੀਜਾ ਅਤੇ ਆਖਰੀ ਵਨ ਡੇ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਪਹਿਲੇ 2 ਵਨ ਡੇ ਮੈਚਾਂ ਵਿਚ ਖਲੀਲ ਅਹਿਮਦ ਅਤੇ ਮੁਹੰਮਦ ਸਿਰਾਜ ਦੇ ਅਸਫਲ ਰਹਿਣ ਨਾਲ ਟੀਮ ਦੇ ਪਲੇਇੰਗ ਇਲੈਵਨ ਵਿਚ ਬਦਲਾਅ ਲਾਜ਼ਮੀ ਹੈ। ਧਵਨ ਨੇ ਦੋਵਾਂ ਨੌਜਵਾਨ ਤੇਜ਼ ਗੇਂਦਬਾਜ਼ਾਂ ਦਾ ਬਚਾਅ ਕੀਤਾ ਪਰ ਕਿਹਾ ਕਿ ਸੰਤੁਲਨ ਲਈ ਟੀਮ ਵਿਚ ਹਰਫਨਮੌਲਾ ਦਾ ਹੋਣਾ ਜ਼ਰੂਰੀ ਹੈ। ਭਾਰਤ ਨੂੰ ਪੰਡਯਾ ਦੀ ਕਮੀ ਮਹਿਸੂਸ ਹੋ ਰਹੀ ਹੈ ਜੋ ਇਕ ਟੀਵੀ ਸ਼ੋਅ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਮੁਅੱਤਲ ਹੈ।
ਧਵਨ ਨੇ ਪ੍ਰੈਸ ਕਾਨਫ੍ਰੈਂਸ 'ਚ ਕਿਹਾ, ''ਹਾਰਦਿਕ ਨਾਲ ਜੋ ਸੰਤੁਲਨ ਬਣਦਾ ਹੈ, ਉਹ ਟੀਮ ਲਈ ਕਾਫੀ ਮਹੱਤਵਪੂਰਨ ਹੈ। ਉਸ ਨੇ ਅਕਸਰ ਵੱਡੀਆਂ ਸਾਂਝੇਦਾਰੀਆਂ ਤੋੜੀਆਂ ਹਨ। ਟੈਸਟ ਅਤੇ ਵਨ ਡੇ ਦੋਵਾਂ ਵਿਚ ਹਰਫਨਮੌਲਾ ਕਾਫੀ ਮਹੱਤਵਪੂਰਨ ਹੁੰਦਾ ਹੈ। ਅਹਿਮਦ ਅਤੇ ਸਿਰਾਜ ਦੇ ਨਾਲ ਤਜ਼ਰਬਾ ਨਿਖਰੇਗਾ। ਟੀਮ ਨੂੰ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ। ਸਾਨੂੰ ਉਨ੍ਹਾਂ ਦਾ ਸਾਥ ਦੇਣਾ ਹੈ ਤਾਕਿ ਉਹ ਇਸ ਤੋਂ ਸਬਕ ਲੈ ਕੇ ਆਪਣਾ ਪ੍ਰਦਰਸ਼ਨ ਸੁਧਾਰ ਸਕਣ। ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਭਾਰਤੀ ਟੀਮ ਵਨ ਡੇ ਸੀਰੀਜ਼ ਵੀ ਜਿੱਤ ਕੇ ਇਤਿਹਾਸ ਰਚਣਾ ਚਾਹੁੰਦੀ ਹੈ।''
ਧਵਨ ਨੇ ਕਿਹਾ, ''ਸਾਨੂੰ ਖੁਸ਼ੀ ਹੈ ਕਿ ਧੋਨੀ ਨੇ ਲੈਅ ਹਾਸਲ ਕਰ ਲਈ ਹੈ। ਉਨ੍ਹਾਂ ਵਰਗਾ ਬੱਲੇਬਾਜ਼ ਦੂਜੇ ਪਾਸੇ ਖੜ੍ਹੇ ਰਹਿ ਕੇ ਬੱਲੇਬਾਜ਼ ਨੂੰ ਆਤਵਿਸ਼ਵਾਸ ਦਿੰਦਾ ਹੈ। ਆਸਟਰੇਲੀਆ ਟੀਮ ਨੂੰ ਸਮਿਥ ਅਤੇ ਵਾਰਨਰ ਦੀ ਕਮੀ ਮਹਿਸੂਸ ਹੋ ਰਹੀ ਹੈ ਜਦਕਿ ਭਾਰਤ ਨੂੰ ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ਮੀ ਦੇ ਤਜ਼ਰਬੇ ਦਾ ਫਾਇਦਾ ਮਿਲ ਰਿਹਾ ਹੈ। ਕਲ ਵੀ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਪਹਿਲੇ 10 ਓਵਰਾਂ 'ਚ ਮੇਜ਼ਬਾਨ ਟੀਮ 'ਤੇ ਦਬਾਅ ਬਣਾਇਆ ਜਾ ਸਕੇ।