ਨਵੇਂ ਸਾਲ ਦੀ ਸ਼ੁਰੂਆਤ ਨਾਲ ਫਰੀਦਕੋਟ ਪੁਲਸ ਹੋਈ ਹੋਰ ਹਾਈਟੈਕ
Saturday, Jan 03, 2026 - 06:18 PM (IST)
ਫਰੀਦਕੋਟ (ਰਾਜਨ) : ਡਾ. ਪ੍ਰਗਿਆ ਜੈਨ, ਆਈ. ਪੀ. ਐੱਸ., ਐੱਸ. ਐੱਸ. ਪੀ. ਫਰੀਦਕੋਟ, ਜਿਨ੍ਹਾਂ ਨੂੰ ਨਵੀਆਂ ਪਹਿਲਾਂ ਕਰਨ ਵਾਲੇ ਅਫਸਰ ਵਜੋਂ ਜਾਣਿਆ ਜਾਂਦਾ ਹੈ, ਵੱਲੋਂ ਸਾਲ 2025 ਦੌਰਾਨ ਫਰੀਦਕੋਟ ਜ਼ਿਲੇ ਦੇ ਸਾਰੇ ਥਾਣਿਆਂ ਅਤੇ ਚੌਕੀਆਂ ਦੀ ਨੁਹਾਰ ਬਦਲੀ ਗਈ ਸੀ। ਇਸ ਪਹਿਲ ਦੇ ਤਹਿਤ ਥਾਣਿਆਂ ’ਚ ਸੁਚੱਜੀ ਅਤੇ ਪਾਰਦਰਸ਼ੀ ਕਾਰਜ ਪ੍ਰਣਾਲੀ ਲਿਆਂਦੀ ਗਈ, ਜਿਸ ਨਾਲ ਜਨਤਾ ਨੂੰ ਪੁਲਸ ਨਾਲ ਸੰਪਰਕ ਕਰਨ ਅਤੇ ਸੇਵਾਵਾਂ ਹਾਸਲ ਕਰਨ ’ਚ ਕਾਫ਼ੀ ਆਸਾਨੀ ਹੋਈ। ਨਵੇਂ ਸਾਲ ਦੀ ਆਮਦ ’ਤੇ ਉਨ੍ਹਾਂ ਵੱਲੋਂ ਇਕ ਹੋਰ ਮਹੱਤਵਪੂਰਨ ਪਹਿਲ ਕਰਦਿਆਂ ਫਰੀਦਕੋਟ ਪੁਲਸ ਨੂੰ ਹੋਰ ਆਧੁਨਿਕ, ਤਕਨੀਕੀ ਅਤੇ ਡਿਜ਼ੀਟਲ ਬਣਾਉਣ ਦੇ ਮਜ਼ਬੂਤ ਇਰਾਦੇ ਨਾਲ ਸਾਰੇ ਥਾਣਿਆਂ ਅਤੇ ਦਫ਼ਤਰਾਂ ਨੂੰ ਵੱਡੀ ਗਿਣਤੀ ’ਚ ਆਧੁਨਿਕ ਤਕਨੀਕੀ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਗਿਆ। ਇਸ ਦੌਰਾਨ ਜ਼ਿਲੇ ਦੇ ਵੱਖ-ਵੱਖ ਥਾਣਿਆਂ ਨੂੰ 7 ਲੈਪਟਾਪ, 24 ਐੱਲ. ਈ. ਡੀ. ਮੋਨੀਟਰ (27 ਇੰਚ), 24 ਸੀ. ਪੀ. ਯੂ. (32 ਜੀ. ਬੀ.), 24 ਯੂ. ਪੀ. ਐੱਸ. ਅਤੇ 35 ਫਿੰਗਰ ਪ੍ਰਿੰਟ ਸਕੈਨਰ ਦਿੱਤੇ ਗਏ।
ਇਹ ਉਪਕਰਨ ਸਿਰਫ਼ ਤਕਨੀਕੀ ਸਮਰੱਥਾ ਵਧਾਉਣ ਲਈ ਹੀ ਨਹੀਂ, ਸਗੋਂ ਥਾਣਿਆਂ ਅਤੇ ਦਫ਼ਤਰਾਂ ’ਚ ਕੰਮ ਕਰਨ ਦੀ ਗਤੀ ਅਤੇ ਕਾਰਗੁਜ਼ਾਰੀ ਨੂੰ ਹੋਰ ਸੁਚੱਜਾ ਬਣਾਉਣ ’ਚ ਵੀ ਸਹਾਇਕ ਸਾਬਤ ਹੋਣਗੇ। ਇਸ ਨਾਲ ਦਫ਼ਤਰਕਾਰੀ ਕਾਰਜਾਂ ਨੂੰ ਆਸਾਨ ਅਤੇ ਤੇਜ਼ ਬਣਾਉਣ ਲਈ ਨਵੀਂ ਡਿਜ਼ੀਟਲ ਪ੍ਰਣਾਲੀ ਵਿਕਸਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ 18 ਐੱਮ. ਐੱਫ. ਪੀ. ਪ੍ਰਿੰਟਰ, 14 ਮੋਬਾਈਲ, 8 ਕਿਊ. ਆਰ. ਬਾਰਕੋਡ ਰੀਡਰ, 8 ਫੈਡ ਸਲੈਪ ਸਕੈਨਰ, 8 ਬਾਰਕੋਡ ਪ੍ਰਿੰਟਰ ਅਤੇ 7 ਇੰਨਵਰਟਰ ਸੈੱਟ ਵੀ ਮੁਹੱਈਆ ਕਰਵਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਵੱਲੋਂ ਸੂਬੇ ਭਰ ਦੇ ਪੁਲਸ ਢਾਂਚੇ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ, ਕੰਮਕਾਜ ’ਚ ਹੋਰ ਪਾਰਦਰਸ਼ਤਾ ਲਿਆਉਂਦਿਆਂ ਅਤੇ ਜਨ ਸੇਵਾ ਨੂੰ ਪਹਿਲ ਦੇਣ ਸਬੰਧੀ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਨਤੀਜੇ ਵਜੋਂ, ਨਿਲਾਂਬਰੀ ਜਗਦਲੇ, ਆਈ. ਜੀ. ਫਰੀਦਕੋਟ ਰੇਂਜ ਜੀ ਦੀ ਅਗਵਾਈ ਹੇਠ ਅੱਜ ਜ਼ਮੀਨੀ ਪੱਧਰ ’ਤੇ ਥਾਣਿਆਂ ਅਤੇ ਦਫ਼ਤਰਾਂ ’ਚ ਆਧੁਨਿਕ ਸਾਜ਼ੋ-ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਦਿੱਤੇ ਗਏ ਆਧੁਨਿਕ ਸਾਜ਼ੋ-ਸਾਮਾਨ ਦੀ ਸਹੀ ਅਤੇ ਜ਼ਿੰਮੇਵਾਰ ਢੰਗ ਨਾਲ ਵਰਤੋਂ ਯਕੀਨੀ ਬਣਾਈ ਜਾਵੇ, ਤਾਂ ਜੋ ਪਬਲਿਕ ਨੂੰ ਸਮੇਂ-ਸਿਰ ਅਤੇ ਭਰੋਸੇਯੋਗ ਪੁਲਸ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਮੌਕੇ ਉਨ੍ਹਾਂ ਨਾਲ ਮਨਵਿੰਦਰ ਬੀਰ ਸਿੰਘ ਐੱਸ. ਪੀ. (ਸਥਾਨਕ) ਫਰੀਦਕੋਟ, ਨਵੀਨ ਕੁਮਾਰ ਡੀ. ਐੱਸ. ਪੀ. (ਸਥਾਨਕ) ਫਰੀਦਕੋਟ, ਅਵਤਾਰ ਸਿੰਘ ਡੀ. ਐੱਸ. ਪੀ. (ਇਨਵੈਸਟਿਗੇਸ਼ਨ) ਫਰੀਦਕੋਟ, ਜਗਤਾਰ ਸਿੰਘ ਡੀ. ਐੱਸ. ਪੀ. ਫਰੀਦਕੋਟ, ਸੰਜੀਵ ਕੁਮਾਰ ਡੀ. ਐੱਸ. ਪੀ. (ਸਬ-ਡਵੀਜ਼ਨ) ਕੋਟਕਪੂਰਾ, ਇਕਬਾਲ ਸਿੰਘ ਡੀ. ਐੱਸ. ਪੀ. (ਸਬ-ਡਵੀਜ਼ਨ) ਜੈਤੋ ਸਮੇਤ ਜ਼ਿਲੇ ਦੇ ਸਮੂਹ ਥਾਣਾ ਮੁਖੀ ਅਤੇ ਥਾਣਿਆਂ ਦਾ ਸਟਾਫ ਮੌਜੂਦ ਰਿਹਾ।
