ਹਾਲ ਆਫ ਫੇਮ ਏ. ਟੀ. ਪੀ. ਟੈਨਿਸ ਟੂਰਨਾਮੈਂਟ ''ਚ ਰਾਮਕੁਮਾਰ ਬਣੇ ਉਪ-ਜੇਤੂ
Monday, Jul 23, 2018 - 11:03 PM (IST)
ਨਵੀਂ ਦਿੱਲੀ - ਭਾਰਤੀ ਡੇਵਿਸ ਕੱਪ ਖਿਡਾਰੀ ਰਾਮਕੁਮਾਰ ਰਾਮਨਾਥਨ ਨੇ ਅਮਰੀਕਾ ਦੇ ਟਿਮ ਸਮਾਈਜੇਕ ਵਿਰੁੱਧ 3 ਸੈੱਟਾਂ ਤੱਕ ਸਖਤ ਸੰਘਰਸ਼ ਕੀਤਾ ਪਰ ਉਸ ਨੂੰ ਅਮਰੀਕਾ ਦੇ ਨਿਊਪੋਰਟ 'ਚ 6,23,710 ਡਾਲਰ ਦੇ ਹਾਲ ਆਫ ਫੇਮ ਏ. ਟੀ. ਪੀ. ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣਾ ਪਹਿਲਾ ਏ. ਟੀ. ਪੀ. ਫਾਈਨਲ ਖੇਡ ਰਹੇ ਰਾਮਕੁਮਾਰ ਨੂੰ ਅਮਰੀਕੀ ਖਿਡਾਰੀ ਨੇ 7-5, 3-6, 6-2 ਨਾਲ ਹਰਾਇਆ। 23 ਸਾਲਾ ਰਾਮਕੁਮਾਰ 'ਤੇ ਤਿੰਨ ਟੂਰ ਖਿਤਾਬ ਜਿੱਤਣ ਵਾਲੇ 28 ਸਾਲਾ ਜਾਨਸਨ ਦਾ ਤਜਰਬਾ ਥੋੜ੍ਹਾ ਭਾਰੀ ਪੈ ਗਿਆ ਤੇ ਉਸ ਨੇ ਲਗਭਗ 2 ਘੰਟਿਆਂ ਵਿਚ ਇਹ ਮੁਕਾਬਲਾ ਜਿੱਤ ਲਿਆ।
23 ਸਾਲਾ ਰਾਮਕੁਮਾਰ ਨੂੰ 52,340 ਡਾਲਰ ਤੇ 150 ਅੰਕ ਮਿਲੇ। ਰਾਮਕੁਮਾਰ ਨੇ ਇਸ ਦੇ ਨਾਲ ਹੀ 46 ਸਥਾਨਾਂ ਦੀ ਲੰਬੀ ਛਲਾਂਗ ਲਾ ਕੇ ਆਪਣੀ ਸਰਵਸ੍ਰੇਸ਼ਠ 115ਵੀਂ ਰੈਂਕਿੰਗ ਦੀ ਬਰਾਬਰੀ ਹਾਸਲ ਕਰ ਲਈ, ਜਿਹੜੀ ਉਸ ਨੇ ਅਪ੍ਰੈਲ ਵਿਚ ਹਾਸਲ ਕੀਤੀ ਸੀ। ਰਾਮਕੁਮਾਰ ਜੇਕਰ ਖਿਤਾਬ ਜਿੱਤਣ 'ਚ ਸਫਲ ਹੁੰਦਾ ਤਾਂ ਉਹ ਵਿਸ਼ਵ ਰੈਂਕਿੰਗ ਵਿਚ ਪਹਿਲੀ ਵਾਰ ਟਾਪ-100 ਵਿਚ ਪਹੁੰਚ ਜਾਂਦਾ।
ਇਸ ਪ੍ਰਦਰਸ਼ਨ ਦੀ ਬਦੌਲਤ ਰਾਮਕੁਮਾਰ ਨੂੰ ਅਟਲਾਂਟਾ ਵਿਚ ਅਗਲੇ ਏ. ਟੀ. ਪੀ. ਟੂਰਨਾਮੈਂਟ ਵਿਚ ਵਿਸ਼ੇਸ਼ ਛੋਟ ਕਾਰਨ ਮੁੱਖ ਡਰਾਅ ਵਿਚ ਸਿੱਧੀ ਐਂਟਰੀ ਮਿਲ ਗਈ ਹੈ, ਜਦਕਿ ਗਣੇਸ਼ਵਰਨ ਨੇ ਅਟਲਾਂਟਾ ਟੂਰਨਾਮੈਂਟ ਦੇ ਦੋ ਕੁਆਲੀਫਾਇੰਗ ਰਾਊਂਡ ਜਿੱਤ ਕੇ ਮੁੱਖ ਡਰਾਅ ਵਿਚ ਜਗ੍ਹਾ ਬਣਾ ਲਈ ਹੈ। ਇਸ ਵਿਚਾਲੇ ਵਿੰਬਲਡਨ ਤੋਂ ਬਾਅਦ ਟੂਰਨਾਮੈਂਟ ਤੋਂ ਦੂਰ ਭਾਂਬਰੀ ਇਕ ਸਥਾਨ 86ਵੇਂ ਨੰਬਰ 'ਤੇ ਖਿਸਕ ਗਿਆ, ਜਦਕਿ ਪ੍ਰਜਨੇਸ਼ ਗੁਣੇਸ਼ਵਰਨ ਦੋ ਸਥਾਨਾਂ ਦੇ ਨੁਕਸਾਨ ਨਾਲ 186ਵੇਂ ਨੰਬਰ 'ਤੇ ਆ ਗਿਆ ਹੈ।
