ਰਾਜਸਥਾਨ ਰਾਇਲਸ ਦੇ 2 ਮੈਚਾਂ ਦੀ ਮੇਜ਼ਬਾਨੀ ਕਰੇਗਾ ਗੁਹਾਟੀ ਸਟੇਡੀਅਮ
Thursday, Feb 27, 2020 - 06:06 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਵੀਰਵਾਰ ਨੂੰ ਕਿਹਾ ਕਿ ਗੁਹਾਟੀ ਵਿਚ ਸਥਿਤ ਬਾਰਸਪਾਰਾ ਸਟੇਡੀਅਮ ਇੰਡੀਅਨ ਪ੍ਰੀਮੀਅਰਲ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੀਜ਼ਨ ਦੌਰਾਨ ਰਾਜਸਥਾਨ ਰਾਇਲਸ ਦੇ ਪਹਿਲੇ 2 ਘਰੇਲੂ ਮੈਚਾਂ ਦੀ ਮੇਜ਼ਬਾਨੀ ਕਰੇਗਾ। ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਪ੍ਰੈੱਸ ਰਿਲੀਜ਼ ’ਚ ਕਿਹਾ, ‘‘ਰਾਜਸਥਾਨ ਰਾਇਲਸ 5 ਅਤੇ 9 ਅਪ੍ਰੈਲ ਨੂੰ ਗੁਹਾਟੀ ਵਿਚ ਕ੍ਰਮਵਾਰ : ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਸ ਨਾਲ ਖੇਡੇਗੀ। ਦੋਵੇਂ ਮੈਚ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਸ਼ੁਰੂ ਹੋਣਗੇ।’’
ਰਾਜਸਥਾਨ ਰਾਇਲਸ ਦੀ ਟੀਮ ਬਚੇ ਹਏ 5 ਘਰੇਲੂ ਮੈਚ ਆਪਣੇ ਤੈਅ ਮੁੱਖ ਘਰੇਲੂ ਮੈਦਾਨ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਖੇਡੇਗੀ। ਸਟੀਵ ਸਮਿਥ ਦੀ ਅਗਵਾਈ ਵਾਲੀ ਰਾਜਸਥਾਨ ਰਾਇਲਸ ਦੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 2 ਅਪ੍ਰੈਲ ਨੂੰ ਚੇਨਈ ਸੁਪਰਕਿੰਗਜ਼ ਖਿਲਾਫ ਉਨ੍ਹਾਂ ਦੇ ਮੈਦਾਨ ’ਤੇ ਕਰੇਗੀ। ਪਿਛਲੇ ਸਾਲ ਰਾਜਸਥਾਨ ਰਾਇਲਸ ਨੇ ਆਪਣੇ ਕੁਝ ਮੈਚ ਗੁਹਾਟੀ ਵਿਚ ਆਯੋਜਿਤ ਕਰਨ ਦੀ ਬੇਨਤੀ ਕੀਤੀ ਸੀ ਅਤੇ ਉਹ ਇਸ ਸਬੰਧ ਵਿਚ ਕੁਝ ਸਮੇਂ ਤੋਂ ਅਸਮ ਕ੍ਰਿਕਟ ਸੰਘ ਨਾਲ ਗੱਲਬਾਤ ਵਿਚ ਲੱਗਾ ਸੀ।