200 ਮੀਟਰ ਦਾ ਨਵਾਂ ਵਿਸ਼ਵ ਚੈਂਪੀਅਨ ਬਣਿਆ ਗੁਲਿਯੇਵ

08/12/2017 5:30:53 AM

ਲੰਡਨ— ਪੂਰੀ ਦੁਨੀਆ ਦੀਆਂ ਨਜ਼ਰਾਂ ਦੱਖਣੀ ਅਫਰੀਕਾ ਦੇ ਵੇਡ ਵਾਨ ਨਿਕਰਕ ਤੇ ਬੋਤਸਵਾਨਾ ਦੇ ਇਸਾਕ ਮਕਵਾਲਾ 'ਤੇ ਲੱਗੀਆਂ ਹੋਈਆਂ ਸਨ ਪਰ ਤੁਰਕੀ ਦੇ ਰਾਮਿਲ ਗੁਲਿਯੇਵ ਨੇ ਦੁਨੀਆ ਨੂੰ ਹੈਰਾਨ ਕਰਦਿਆਂ 200 ਮੀਟਰ ਦਾ ਨਵਾਂ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।
200 ਮੀਟਰ ਫਾਈਨਲ ਵਿਚ ਅੱਠ ਦੌੜਾਕ ਸਟਾਰਟ ਲਾਈਨ 'ਤੇ ਤਿਆਰ ਖੜ੍ਹੇ ਸਨ। ਸਟੇਡੀਅਮ ਵਿਚ 56 ਹਜ਼ਾਰ ਲੋਕ ਉਨ੍ਹਾਂ ਨੂੰ ਜ਼ੋਰਦਾਰ ਫਰਾਟੇ ਲਈ ਦੇਖ ਰਹੇ ਸਨ ਤੇ ਸਾਰਿਆਂ ਨੂੰ ਇੰਤਜ਼ਾਰ ਸੀ ਕਿ ਜਮਾਇਕਾ ਦੇ ਓਸੈਨ ਬੋਲਟ ਦੇ ਇਸ ਪ੍ਰਤੀਯੋਗਿਤਾ ਤੋਂ ਪਹਿਲਾਂ ਹੀ ਰਿਟਾਇਰ ਹੋ ਜਾਣ ਤੋਂ ਬਾਅਦ ਨਵਾਂ ਵਿਸ਼ਵ ਚੈਂਪੀਅਨ ਕੌਣ ਬਣਦਾ ਹੈ।
ਬੋਲਟ ਦੇ ਨਾਂ 200 ਮੀਟਰ ਵਿਚ 19.19 ਸੈਕਿੰਡ
ਦਾ ਵਿਸ਼ਵ ਤੇ ਚੈਂਪੀਅਨਸ਼ਿਪ ਰਿਕਾਰਡ ਹੈ। ਇਸ ਪ੍ਰਤੀਯੋਗਿਤਾ ਵਿਚ ਇਸਾਕ ਮਕਵਾਲਾ 19.77 ਸੈਕਿੰਡ ਦੇ ਸਮੇਂ ਨਾਲ ਮੌਜੂਦਾ ਦੌੜਾਕਾਂ 'ਚੋਂ ਸਭ ਤੋਂ ਤੇਜ਼ ਚੱਲ ਰਿਹਾ ਸੀ। ਵਾਇਰਸ ਕਾਰਨ ਪਹਿਲਾਂ ਹੀ ਪਾਬੰਦੀਸ਼ੁਦਾ ਕੀਤੇ ਗਏ ਤੇ ਫਿਰ ਮਨਜ਼ੂਰੀ ਪਾ ਕੇ ਆਪਣੀ ਸੈਮੀਫਾਈਨਲ ਹੀਟ ਵਿਚ ਦੂਜੇ ਸਥਾਨ 'ਤੇ ਰਹਿ ਕੇ ਫਾਈਨਲ ਵਿਚ ਪਹੁੰਚੇ ਮਕਵਾਲਾ ਤੇ 400 ਮੀਟਰ ਦੇ ਵਿਸ਼ਵ ਚੈਂਪੀਅਨ ਨਿਕਰਕ ਖਿਤਾਬ ਦੇ ਪਹਿਲੇ ਦਾਅਵੇਦਾਰ ਮੰਨੇ ਜਾ ਰਹੇ ਸਨ।
ਪਰ ਅਜ਼ਰਬੇਜਾਨ ਵਿਚ ਜਨਮੇ ਤੁਰਕੀ ਦੇ ਗੁਲਿਯੇਵ ਨੇ 20.09 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗਾ ਜਿੱਤ ਲਿਆ। ਨਿਕਰਕ 20.11 ਸੈਕਿੰਡ ਨਾਲ ਦੂਜੇ ਸਥਾਨ 'ਤੇ ਰਿਹਾ ਤੇ 400 ਤੇ 200 ਮੀਟਰ ਦਾ ਗੋਲਡਨ ਡਬਲ ਪੂਰਾ ਕਰਨ ਤੋਂ ਖੁੰਝ ਗਿਆ। ਤ੍ਰਿਨੀਦਾਦ ਐਂਡ ਟੋਬੈਗੋ ਦੇ ਜੈਰੀਮ ਰਿਚਰਡਸ 20.11 ਸੈਕਿੰਡ ਦਾ ਸਮਾਂ ਲੈ ਕੇ ਤੀਜੇ ਸਥਾਨ 'ਤੇ ਰਿਹਾ। ਮਕਵਾਲਾ ਨੂੰ 20.44 ਸੈਕਿੰਡ ਦੇ ਸਮੇਂ ਨਾਲ 6ਵਾਂ ਸਥਾਨ ਮਿਲਿਆ।
ਅਮਰੀਕਾ ਚੈਂਪੀਅਨਸ਼ਿਪ 'ਚ 6 ਸੋਨ, 7 ਚਾਂਦੀ ਤੇ 6 ਕਾਂਸੀ ਸਮੇਤ 19 ਤਮਗਿਆਂ ਨਾਲ ਸਭ ਤੋਂ ਅੱਗੇ ਹੈ। ਕੀਨੀਆ 3 ਸੋਨ ਸਮੇਤ 7 ਤਮਗਿਆਂ ਨਾਲ ਦੂਜੇ ਸਥਾਨ 'ਤੇ ਅਤੇ ਦੱਖਣੀ ਅਫਰੀਕਾ 2 ਸੋਨ ਸਮੇਤ 5 ਤਮਗਿਆਂ ਨਾਲ ਤੀਜੇ ਸਥਾਨ 'ਤੇ ਹੈ।


Related News