GT vs MI : ਮੁੰਬਈ ਨੇ ਗੁਜਰਾਤ ਨੂੰ 5 ਦੌੜਾਂ ਨਾਲ ਹਰਾਇਆ
Friday, May 06, 2022 - 11:22 PM (IST)

ਮੁੰਬਈ- ਡੇਨੀਅਲ ਸੈਮਸ ਦੇ ਆਖਰੀ ਤੇ ਜ਼ਬਰਦਸਤ ਓਵਰ ਦੇ ਦਮ ’ਤੇ ਮੁੰਬਈ ਇੰਡੀਅਨਜ਼ ਨੇ ਚੋਟੀ ਦੀ ਟੀਮ ਗੁਜਰਾਤ ਟਾਈਟਨਸ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਸ਼ੁੱਕਰਵਾਰ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਗੁਜਰਾਤ ਨੂੰ ਆਖਰੀ ਓਵਰ ਵਿਚ ਜਿੱਤ ਲਈ 9 ਦੌੜਾਂ ਦੀ ਲੋੜ ਸੀ ਪਰ ਸੈਮਸ ਨੇ ਗੁਜਰਾਤ ਨੂੰ ਉਸਦੀ ਮੰਜਿਲ ’ਤੇ ਜਾਣ ਤੋਂ ਪਹਿਲਾਂ ਹੀ ਰੋਕ ਦਿੱਤਾ। ਮੁੰਬਈ ਨੇ ਇਸ਼ਾਨ ਕਿਸ਼ਨ (45), ਕਪਤਾਨ ਰੋਹਿਤ ਸ਼ਰਮਾ (43) ਤੇ ਟਿਮ ਡੇਵਿਡ (ਅਜੇਤੂ 44) ਦੀਆਂ ਧਮਾਕੇਦਾਰ ਪਾਰੀਆਂ ਨਾਲ 20 ਓਵਰਾਂ ਵਿਚ 6 ਵਿਕਟਾਂ ’ਤੇ 177 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਫਿਰ ਗੁਜਰਾਤ ਨੂੰ 20 ਓਵਰਾਂ ਵਿਚ 5 ਵਿਕਟਾਂ ’ਤੇ 172 ਦੌੜਾਂ ’ਤੇ ਰੋਕ ਦਿੱਤਾ।
ਇਹ ਵੀ ਪੜ੍ਹੋ :- ਪੰਜਾਬ ’ਚ ‘ਆਪ’ ਸਰਕਾਰ ਦੇ ‘ਦਮਨਚੱਕਰ’ ਦਾ ਡਟ ਕੇ ਮੁਕਾਬਲਾ ਕਰਨਗੇ ਭਾਜਪਾ ਵਰਕਰ : ਅਸ਼ਵਨੀ ਸ਼ਰਮਾ
ਇਸ਼ਾਨ ਤੇ ਰੋਹਿਤ ਨੇ ਮੁੰਬਈ ਦੇ ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਓਪਨਿੰਗ ਸਾਂਝੇਦਾਰੀ ਵਿਚ 74 ਦੌੜਾਂ ਜੋੜੀਆਂ। ਰੋਹਿਤ ਤੇ ਇਸ਼ਾਨ ਦੀ ਸ਼ੁਰੂਆਤ ਸ਼ਾਨਦਾਰ ਰਹੀ ਸੀ ਤੇ ਅੱਧੀ ਪਾਰੀ ਦੀ ਸਮਾਪਤੀ ’ਤੇ ਲੱਗ ਰਿਹਾ ਸੀ ਕਿ ਮੁੰਬਈ 200 ਦਾ ਅੰਕੜਾ ਪਾਰ ਕਰ ਜਾਵੇਗੀ। ਹਾਲਾਂਕਿ ਲਗਾਤਾਰ ਫਰਕ ’ਤੇ ਵਿਕਟਾਂ ਲੈ ਕੇ ਗੁਜਰਾਤ ਨੇ ਰਨ ਰੇਟ ’ਤੇ ਰੋਕ ਲਾਈ ਤੇ ਵਾਪਸੀ ਕੀਤੀ। ਆਖਰੀ ਓਵਰਾਂ ਵਿਚ ਟਿਮ ਡੇਵਿਡ ਦੀ ਧਮਾਕੇਦਾਰ ਪਾਰੀ ਨੇ ਮੁੰਬਈ ਨੂੰ 170 ਦੇ ਪਾਰ ਪਹੁੰਚਾਇਆ। ਰੋਹਿਤ ਸ਼ਰਮਾ ਨੇ 28 ਗੇਂਦਾਂ ’ਤੇ 43 ਦੌੜਾਂ ਵਿਚ 5 ਚੌਕੇ ਤੇ 2 ਛੱਕੇ ਲਾਏ। ਇਸ਼ਾਨ ਨੇ 29 ਗੇਂਦਾਂ ’ਤੇ 45 ਦੌੜਾਂ ਵਿਚ 5 ਚੌਕੇ ਤੇ 1 ਛੱਕਾ ਲਾਇਆ। ਤਿਲਕ ਵਰਮਾ ਨੇ 16 ਗੇਂਦਾਂ ’ਤੇ 21 ਦੌੜਾਂ ਬਣਾਈਆਂ ਜਦਕਿ ਡੇਵਿਡ ਨੇ 21 ਗੇਂਦਾਂ ’ਤੇ ਅਜੇਤੂ 44 ਦੌੜਾਂ ਵਿਚ 2 ਚੌਕੇ ਤੇ 4 ਛੱਕੇ ਲਾਏ।
ਇਹ ਵੀ ਪੜ੍ਹੋ :- ਸ਼੍ਰੀਲੰਕਾ: ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਅੱਧੀ ਰਾਤ ਤੋਂ ਐਮਰਜੈਂਸੀ ਦਾ ਕੀਤਾ ਐਲਾਨ
ਗੁਜਰਾਤ ਵਲੋਂ ਰਾਸ਼ਿਦ ਖਾਨ ਨੇ 24 ਦੌੜਾਂ ’ਤੇ 2 ਵਿਕਟਾਂ ਲੈਣ ਤੋਂ ਇਲਾਵਾ ਦੋ ਕੈਚ ਵੀ ਫੜੇ। ਅਲਜਾਰੀ ਜੋਸੇਫ, ਲਾਕੀ ਫਰਗਿਸਊਨ ਤੇ ਪ੍ਰਦੀਪ ਸਾਂਗਵਾਨ ਦੇ ਹਿੱਸੇ ਵਿਚ ਇਕ-ਇਕ ਵਿਕਟ ਆਈ। ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ (55) ਤੇ ਸ਼ੁਭਮਨ ਗਿੱਲ (52) ਵਿਚਾਲੇ ਪਹਿਲੀ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਨਾਲ ਗੁਜਰਾਤ ਨੇ ਚੰਗੀ ਸ਼ੁਰੂਆਤ ਕੀਤੀ ਪਰ ਲਗਾਤਾਰ ਵਿਕਟਾਂ ਗਵਾਉਣ ਨਾਲ ਉਹ ਇਸ ਵਾਰ ਟੀਚੇ ਦਾ ਪਿੱਛਾ ਕਰਨ ਵਿਚ ਅਸਫਲ ਰਹੀ। ਕਪਤਾਨ ਹਾਰਦਿਕ ਪੰਡਯਾ ਨੇ ਰਨ ਆਊਟ ਹੋਣ ਤੋਂ ਪਹਿਲਾਂ 24 ਦੌੜਾਂ ਬਣਾਈਆਂ। ਪਿਛਲੇ ਮੈਚ ਵਿਚ ਅਰਧ ਸੈਂਕੜਾ ਲਾਉਣ ਵਾਲਾ ਸਾਈ ਸੁਦਰਸ਼ਨ (14) ਹਿੱਟ ਵਿਕਟ ਆਊਟ ਹੋਇਆ। ਪਹਿਲਾਂ ਹੀ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਇਹ ਲਗਾਤਾਰ ਦੂਜੀ ਜਿੱਤ ਰਹੀ।
ਇਹ ਵੀ ਪੜ੍ਹੋ :-ਪਾਕਿ ਸਰਕਾਰ ਇਮਰਾਨ ਖਾਨ ਦੀ ਆਮਦਨ ਤੇ ਜਾਇਦਾਦ ਦੀ ਕਰੇਗੀ ਜਾਂਚ : ਰਿਪੋਰਟ
ਪਲੇਇੰਗ ਇਲੈਵਨ :-
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਤਿਲਕ ਵਰਮਾ, ਟਿਮ ਡੇਵਿਡ, ਕੀਰੋਨ ਪੋਲਾਰਡ, ਡੇਨੀਅਲ ਸੈਮਸ, ਮੁਰੂਗਨ ਅਸ਼ਵਿਨ, ਕੁਮਾਰ ਕਾਰਤੀਕੇ, ਜਸਪ੍ਰੀਤ ਬੁਮਰਾਹ, ਰਿਲੇ ਮੈਰੀਡਿਥ।
ਗੁਜਰਾਤ ਟਾਈਟਨਜ਼ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਸਾਈਂ ਸੁਦਰਸ਼ਨ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਪ੍ਰਦੀਪ ਸਾਂਗਵਾਨ, ਲਾਕੀ ਫਰਗਿਊਸਨ, ਅਲਜ਼ਾਰੀ ਜੋਸੇਫ, ਮੁਹੰਮਦ ਸ਼ੰਮੀ।
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ