ਨਾਗਪੁਰ ਤੇ ਦਿੱਲੀ ''ਚ ਵੀ ਮਿਲਣਗੇ ਗ੍ਰੀਨ ਟਾਪ

11/22/2017 5:30:16 AM

ਨਵੀਂ ਦਿੱਲੀ— ਕੋਲਕਾਤਾ ਦੇ ਈਡਨ ਗਾਰਡਨ 'ਚ ਤੇਜ਼ ਗੇਂਦਬਾਜ਼ਾਂ ਦਾ ਬੋਲਬਾਲਾ ਹੋਣ ਤੋਂ ਬਾਅਦ ਹੁਣ ਨਾਗਪੁਰ ਤੇ ਦਿੱਲੀ 'ਚ ਵੀ ਗ੍ਰੀਨ ਟਾਪ ਮਿਲਣ ਦੀ ਉਮੀਦ ਹੈ, ਜਿਥੇ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਦੂਜਾ ਤੇ ਤੀਜਾ ਟੈਸਟ ਖੇਡਿਆ ਜਾਣਾ ਹੈ।
ਨਾਗਪੁਰ 'ਚ ਦੂਜਾ ਟੈਸਟ 24 ਨਵੰਬਰ ਤੋਂ ਅਤੇ ਦਿੱਲੀ ਵਿਚ ਤੀਜਾ ਤੇ ਆਖਰੀ ਟੈਸਟ 2 ਦਸੰਬਰ ਤੋਂ ਖੇਡਿਆ ਜਾਣਾ ਹੈ। ਕੋਲਕਾਤਾ ਦੇ ਈਡਨ ਗਾਰਡਨ 'ਚ ਡਰਾਅ ਰਹੇ ਪਹਿਲੇ ਟੈਸਟ ਵਿਚ ਤੇਜ਼ ਗੇਂਦਬਾਜ਼ਾਂ ਦਾ ਦਬਦਬਾ ਰਿਹਾ ਸੀ। ਸ਼੍ਰੀਲੰਕਾ ਦੀ ਪਹਿਲੀ ਪਾਰੀ 'ਚ ਭਾਰਤ ਦੀ ਤੇਜ਼ ਗੇਂਦਬਾਜ਼ ਤਿਕੜੀ ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ ਤੇ ਉਮੇਸ਼ ਯਾਦਵ ਨੇ ਸਾਰੀਆਂ 10 ਵਿਕਟਾਂ ਲਈਆਂ ਸਨ। ਭਾਰਤੀ ਧਰਤੀ 'ਤੇ ਪਿਛਲੇ ਕਈ ਸਾਲਾਂ 'ਚ ਇਹ ਪਹਿਲਾ ਮੌਕਾ ਸੀ, ਜਦੋਂ ਕਿਸੇ ਇਕ ਪਾਰੀ 'ਚ ਸਪਿਨਰਾਂ ਨੂੰ ਕੋਈ ਵਿਕਟ ਨਹੀਂ ਮਿਲੀ। 
ਕੋਲਕਾਤਾ ਤੋਂ ਬਾਅਦ ਹੁਣ ਨਾਗਪੁਰ ਤੇ ਦਿੱਲੀ ਵਿਚ ਵੀ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਪਿੱਚਾਂ ਮਿਲਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਭਾਰਤ ਨੇ ਸ਼੍ਰੀਲੰਕਾ ਨਾਲ ਖੇਡਣ ਤੋਂ ਬਾਅਦ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾਣਾ ਹੈ ਤੇ ਉਸ ਮੁਸ਼ਕਿਲ ਦੌਰੇ ਦੀ ਤਿਆਰੀ ਲਈ ਅਜਿਹੀਆਂ ਪਿੱਚਾਂ ਮਿਲੀਆਂ ਹਨ, ਜਿਹੜੀਆਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਕਰ ਸਕਣ। 
ਸਮਝਿਆ ਜਾਂਦਾ ਹੈ ਕਿ ਕੋਚ ਰਵੀ ਸ਼ਾਸਤਰੀ ਦੀ ਅਗਵਾਈ 'ਚ ਭਾਰਤੀ ਟੀਮ ਮੈਨੇਜਮੈਂਟ ਨੇ ਬੀ. ਸੀ. ਸੀ. ਆਈ. ਅਧਿਕਾਰੀਆਂ ਨਾਲ ਗੱਲ ਕੀਤੀ ਸੀ ਤੇ ਉਨ੍ਹਾਂ ਨੂੰ ਕਿਹਾ ਸੀ ਕਿ ਸ਼੍ਰੀਲੰਕਾ ਟੈਸਟਾਂ ਲਈ ਉਹੋ ਜਿਹੀਆਂ ਪਿੱਚਾਂ ਬਣਾਈਆਂ ਜਾਣ, ਜਿਹੜੀਆਂ ਦੱਖਣੀ ਅਫਰੀਕਾ ਦੌਰੇ 'ਚ ਮਦਦ ਕਰ ਸਕਣ।


Related News