IPL 2024 : ਪਲੇਅ ਆਫ ਦੀ ਦੌੜ ’ਚ ਅੱਗੇ ਨਿਕਲਣ ਦੀ ਕੋਸ਼ਿਸ਼ ਕਰਨਗੇ ਲਖਨਊ ਤੇ ਦਿੱਲੀ
Monday, May 13, 2024 - 06:57 PM (IST)
ਨਵੀਂ ਦਿੱਲੀ, (ਭਾਸ਼ਾ)– ਖਰਾਬ ਫਾਰਮ ਨਾਲ ਜੂਝ ਰਹੀ ਲਖਨਊ ਸੁਪਰ ਜਾਇੰਟਸ ਦੀ ਟੀਮ ਆਈ. ਪੀ. ਐੱਲ. ਪਲੇਅ ਆਫ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਜਿਊਂਦੀਆਂ ਰੱਖਣ ਲਈ ਮੰਗਲਵਾਰ ਨੂੰ ਇੱਥੇ ਦਿੱਲੀ ਕੈਪੀਟਲਸ ਨਾਲ ਭਿੜੇਗੀ, ਜਿਸ ਦੀਆਂ ਨਾਕਆਊਟ ਵਿਚ ਜਗ੍ਹਾ ਬਣਾਉਣ ਦੀਆਂ ਮਾਮੂਲੀ ਉਮੀਦਾਂ ਬਰਕਰਾਰ ਹਨ। ਸੁਪਰ ਜਾਇੰਟਸ ਦੇ ਕਪਤਾਨ ਦੇ ਰੂਪ ਵਿਚ ਲੋਕੇਸ਼ ਰਾਹੁਲ ਦੇ ਭਵਿੱਖ ਨੂੰ ਲੈ ਕੇ ਕਾਫੀ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿਉਂਕਿ ਬੁੱਧਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ 10 ਵਿਕਟਾਂ ਦੀ ਹਾਰ ਤੋਂ ਬਾਅਦ ਟੀਮ ਦੇ ਮਾਲਕ ਸੰਜੀਵ ਗੋਇਨਕਾ ਨੇ ਉਸ ਨੂੰ ਜਨਤਕ ਤੌਰ ’ਤੇ ਫਿਟਕਾਰ ਲਗਾਈ ਸੀ। ਇਸ ਤਰ੍ਹਾਂ ਦੀਆਂ ਅਟਕਲਾਂ ਹਨ ਕਿ ਰਾਹੁਲ ਅਹੁਦਾ ਛੱਡ ਸਕਦਾ ਹੈ ਜਾਂ ਟੀਮ ਦਾ ਸਾਥ ਛੱਡਣ ਤੋਂ ਪਹਿਲਾਂ ਆਖਰੀ ਦੋ ਮੈਚਾਂ ਵਿਚ ਕਪਤਾਨੀ ਦੀ ਜ਼ਿੰਮੇਵਾਰੀ ਨਿਭਾਅ ਸਕਦਾ ਹੈ। ਦੋਵੇਂ ਹੀ ਹਾਲਾਤ ਵਿਚ ਇਹ ਭਾਰਤੀ ਬੱਲੇਬਾਜ਼ ਬੱਲੇ ਨਾਲ ਜਵਾਬ ਦੇ ਕੇ ਸੈਸ਼ਨ ਦਾ ਅੰਤ ਕਰਨਾ ਚਾਹੇਗਾ। ਰਾਹੁਲ ਜ਼ਿਆਦਾ ਚੰਗੀ ਫਾਰਮ ਵਿਚ ਨਹੀਂ ਹੈ ਤੇ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਵਿਚ ਵੀ ਜਗ੍ਹਾ ਨਹੀਂ ਬਣਾ ਸਕਿਆ ਹੈ।
ਲਖਨਊ ਦੀ ਟੀਮ ਵੀ 12 ਅੰਕ ਲੈ ਕੇ 7ਵੇਂ ਸਥਾਨ ’ਤੇ ਚੱਲ ਰਹੀ ਹੈ ਅਤੇ ਦਿੱਲੀ ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਨਾਲ ਅਜੇ ਟਾਪ-4 ਵਿਚੋਂ ਬਾਹਰ ਹੈ। ਦਿੱਲੀ ਤੇ ਆਰ. ਸੀ. ਬੀ. ਦੇ ਵੀ 12-12 ਅੰਕ ਹਨ। ਰਾਹੁਲ ਤੇ ਉਸਦੀ ਟੀਮ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ 5 ਦਿਨ ਦਾ ਸਮਾਂ ਮਿਲਿਆ ਹੈ ਤੇ ਐਤਵਾਰ ਰਾਤ ਆਰ. ਸੀ. ਬੀ. ਵਿਰੁੱਧ ਹਾਰ ਝੱਲਣ ਵਾਲੀ ਦਿੱਲੀ ਦੀ ਟੀਮ ਵਿਰੁੱਧ ਆਪਣਾ ਸਭ ਕੁਝ ਝੋਂਕਣਾ ਚਾਹੇਗੀ।
ਰਾਹੁਲ ਤੋਂ ਇਲਾਵਾ ਕਵਿੰਟਨ ਡੀ ਕੌਕ ਦੀ ਖਰਾਬ ਫਾਰਮ ਕਾਰਨ ਵੀ ਸੁਪਰ ਜਾਇੰਟਸ ਨੂੰ ਮੌਜੂਦਾ ਸੈਸ਼ਨ ਵਿਚ ਪਾਵਰਪਲੇਅ ਵਿਚ ਜੂਝਣਾ ਪਿਆ ਹੈ, ਜਿਸ ਨਾਲ ਮਾਰਕਸ ਸਟੋਇੰਸ ਤੇ ਨਿਕੋਲਸ ਪੂਰਨ ਵਰਗੇ ਖਿਡਾਰੀਆਂ ’ਤੇ ਦਬਾਅ ਵਧਿਆ ਹੈ। ਪੂਰਨ ਤੇ ਆਯੁਸ਼ ਬਾਦੋਨੀ ਪਿਛਲੇ ਮੈਚ ਵਿਚ ਟੀਮ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਉਣ ਵਿਚ ਸਫਲ ਰਹੇ ਸਨ ਪਰ ਗੇਂਦਬਾਜ਼ ਬੁਰੀ ਤਰ੍ਹਾਂ ਨਾਲ ਅਸਫਲ ਰਹੇ ਜਦੋਂ ਟ੍ਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਦੀ ਸਲਾਮੀ ਜੋੜੀ ਨੇ 9.4 ਓਵਰਾਂ ਵਿਚ ਹੀ 167 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਸੀ, ਜਿਹੜਾ ਟੀ-20 ਕ੍ਰਿਕਟ ਵਿਚ ਰਿਕਾਰਡ ਹੈ। ਟੀਮ ਨੂੰ ਤੇਜ਼ ਗੇਂਦਬਾਜ਼ ਮਯੰਕ ਯਾਦਵ ਦੇ ਜ਼ਖ਼ਮੀ ਹੋਣ ਦਾ ਖਾਮਿਆਜ਼ਾ ਵੀ ਭੁਗਤਣਾ ਪੈ ਰਿਹਾ ਹੈ ਕਿਉਂਕਿ ਯਸ਼ ਠਾਕੁਰ ਤੇ ਨਵੀਨ ਉਲ ਹੱਕ ਉਸਦੀ ਕਮੀ ਨੂੰ ਪੂਰਾ ਕਰਨ ਵਿਚ ਅਸਫਲ ਰਹੇ ਹਨ। ਮੋਹਸਿਨ ਖਾਨ ਵੀ ਸੱਟ ਕਾਰਨ ਪਿਛਲੇ ਮੈਚ ਵਿਚ ਨਹੀਂ ਖੇਡਿਆ ਸੀ। ਕਰੁਣਾਲ ਪੰਡਯਾ ਤੇ ਰਵੀ ਬਿਸ਼ਨੋਈ ਦੀ ਸਪਿਨ ਜੋੜੀ ਵੀ ਸਨਰਾਈਜ਼ਰਜ਼ ਵਿਰੁੱਧ ਪੂਰੀ ਤਰ੍ਹਾਂ ਨਾਲ ਅਸਫਲ ਰਹੀ।
ਦੂਜੇ ਪਾਸੇ ਦਿੱਲੀ ਦੀ ਟੀਮ ਨੂੰ ਇਕ ਮੈਚ ਦੀ ਮੁਅੱਤਲੀ ਤੋਂ ਬਾਅਦ ਕਪਤਾਨ ਰਿਸ਼ਭ ਪੰਤ ਦੀ ਵਾਪਸੀ ਨਾਲ ਮਜ਼ਬੂਤੀ ਮਿਲੇਗੀ। ਟੀਮ ਨੂੰ ਸੁਪਰ ਜਾਇੰਟਸ ਵਿਰੁੱਧ ਫੀਲਡਿੰਗ ਵਿਚ ਸੁਧਾਰ ਕਰਨਾ ਪਵੇਗਾ ਕਿਉਂਕਿ ਟੀਮ ਨੇ ਆਰ. ਸੀ. ਬੀ. ਵਿਰੁੱਧ ਕਈ ਕੈਚ ਛੱਡੇ। ਗੇਂਦਬਾਜ਼ਾਂ ਨੇ ਆਰ. ਸੀ. ਬੀ. ਦੇ ਬੱਲੇਬਾਜ਼ਾਂ ਨੂੰ ਚੰਗੀ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ ਜਦਕਿ ਉਸਦੇ ਬੱਲੇਬਾਜ਼ਾਂ ਨੇ ਪਾਵਰਪਲੇਅ ਵਿਚ 4 ਓਵਰਾਂ ਦੇ ਅੰਦਰ ਹੀ ਚਾਰ ਵਿਕਟਾਂ ਗੁਆ ਦਿੱਤੀਆਂ, ਜਿਸ ਨਾਲ ਟੀਮ ਮੌਜੂਦਾ ਆਈ. ਪੀ. ਐੱਲ. ਵਿਚ 140 ਦੌੜਾਂ ਦੇ ਆਪਣੇ ਸਭ ਤੋਂ ਘੱਟ ਸਕੋਰ ’ਤੇ ਸਿਮਟ ਗਈ। ਦਿੱਲੀ ਨੇ ਹਾਲਾਂਕਿ ਮੌਜੂਦਾ ਸੈਸ਼ਨ ਵਿਚ 4 ਵਾਰ 200 ਤੋਂ ਵੱਧ ਦੌੜਾਂ ਬਣਾਈਆਂ ਹਨ ਤੇ ਟੀਮ ਨੂੰ ਇਹ ਪ੍ਰਦਰਸ਼ਨ ਦੁਹਰਾਉਣ ਦੀ ਉਮੀਦ ਹੋਵੇਗੀ, ਜਿਸ ਨਾਲ ਪਲੇਅ ਆਫ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਬਰਕਰਾਰ ਰੱਖ ਸਕੇ।