ਯੂਨਾਨ ਨੇ ਇੰਗਲੈਂਡ ਨੂੰ ਹਰਾਇਆ, ਐਮਬਾਪੇ ਦੇ ਬਿਨਾਂ ਜਿੱਤਿਆ ਫਰਾਂਸ
Saturday, Oct 12, 2024 - 12:14 PM (IST)
ਲੰਡਨ, (ਭਾਸ਼ਾ)– ਯੂਨਾਨ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਨੇਸ਼ਨਸ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਵੀਰਵਾਰ ਨੂੰ ਇੱਥੇ ਇੰਗਲੈਂਡ ਨੂੰ ਉਸੇ ਦੀ ਧਰਤੀ ’ਤੇ 2-1 ਨਾਲ ਹਰਾ ਦਿੱਤਾ। ਇਸ ਵਿਚਾਲੇ ਐਰਲਿੰਗ ਹਾਲੈਂਡ 24 ਸਾਲ ਦੀ ਉਮਰ ਵਿਚ ਨਾਰਵੇ ਵੱਲੋਂ ਕੌਮਾਂਤਰੀ ਫੁੱਟਬਾਲ ਵਿਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਉਸ ਨੇ ਨਾਰਵੇ ਦੀ ਸਲੋਵਾਕੀਆ ’ਤੇ 3-0 ਦੀ ਜਿੱਤ ਵਿਚ ਦੋ ਗੋਲ ਕੀਤੇ। ਹਾਲੈਂਡ ਨਾਰਵੇ ਵੱਲੋਂ ਹੁਣ ਤੱਕ 34 ਗੋਲ ਕਰ ਚੁੱਕਾ ਹੈ ਜਿਹੜਾ ਪਿਛਲੇ ਰਿਕਾਰਡਧਾਰੀ ਜੋਰਗੇਨ ਜੁਵੇ ਤੋਂ ਇਕ ਗੋਲ ਵੱਧ ਹੈ। ਜੋਰਗਨ ਜੁਵੇ ਨੇ 1930 ਦੇ ਦਹਾਕੇ ਵਿਚ ਇਹ ਰਿਕਾਰਡ ਬਣਾਇਆ ਸੀ। ਨਾਰਵੇ ਲਈ ਅਲੈਗਜ਼ੈਂਡਰ ਸੋਰਲੋਥ ਨੇ ਵੀ ਗੋਲ ਕੀਤਾ।
ਫਰਾਂਸ ਲਈ ਕਾਇਲਿਆਨ ਐਮਬਾਪੇ ਤੇ ਸੰਨਿਆਸ ਲੈ ਚੁੱਕੇ ਐਂਟੋਨੀ ਗ੍ਰਿਜਮੈਨ ਦੇ ਬਿਨਾਂ ਵੀ ਸ਼ਾਨਦਾਰ ਖੇਡ ਦਾ ਨਮੂਨਾ ਪੇਸ਼ ਕਰ ਕੇ ਇਜ਼ਰਾਈਲ ਨੂੰ 4-1 ਨਾਲ ਹਰਾਇਆ। ਵੇਂਬਲੀ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ 3 ਗੋਲ ਦੂਜੇ ਹਾਫ ਵਿਚ ਕੀਤੇ ਗਏ। ਵੇਂਜੇਲਿਸ ਪਾਵਲਿਡਿਸ ਨੇ 49ਵੇਂ ਮਿੰਟ ਵਿਚ ਯੂਨਾਨ ਵੱਲੋਂ ਪਹਿਲਾ ਗੋਲ ਕੀਤਾ। ਜੂਡ ਬੇਲਿੰਗਹੈਮ ਨੇ 87ਵੇਂ ਮਿੰਟ ਵਿਚ ਇੰਗਲੈਂਡ ਵੱਲੋਂ ਬਰਾਬਰੀ ਦਾ ਗੋਲ ਕੀਤਾ ਪਰ ਪਾਵਲਿਡਿਸ ਨੇ ਸਟਾਪੇਜ਼ ਟਾਈਮ ਦੇ ਚੌਥੇ ਮਿੰਟ ਵਿਚ ਗੋਲ ਕਰਕੇ ਯੂਨਾਨ ਦੀ ਜਿੱਤ ਤੈਅ ਕੀਤੀ।
ਐਮਬਾਪੇ ਮਾਮੂਲੀ ਸੱਟ ਕਾਰਨ ਇਜ਼ਰਾਈਲ ਵਿਰੁੱਧ ਮੈਚ ਵਿਚ ਨਹੀਂ ਖੇਡ ਸਕਿਆ ਪਰ ਫਰਾਂਸ ਨੂੰ ਉਸਦੀ ਕਮੀ ਨਹੀਂ ਮਹਿਸੂਸ ਹੋਈ। ਉਸ ਵੱਲੋਂ ਪਹਿਲੇ ਹਾਫ ਵਿਚ ਐਡੂਆਰਡੋ ਕੈਮਾਵਿੰਗਾ ਤੇ ਕ੍ਰਿਸਟੋਫਰ ਐਨਕੁੰਕ ਨੇ ਗੋਲ ਕੀਤੇ। ਇਸ ਤੋਂ ਬਾਅਦ ਮਾਤੇਓ ਗੁਏਂਡੌਜੀ ਨੇ 87ਵੇਂ ਤੇ ਬ੍ਰੈਡਲੀ ਬਾਰਕੋਲਾ ਨੇ 89ਵੇਂ ਮਿੰਟ ਵਿਚ ਗੋਲ ਕਰਕੇ ਫਰਾਂਸ ਨੂੰ ਵੱਡੀ ਜਿੱਤ ਦਿਵਾਈ। ਇਟਲੀ ਤੇ ਬੈਲਜੀਅਮ ਵਿਚਾਲੇ ਖੇਡਿਆ ਗਿਆ ਇਕ ਹੋਰ ਮੈਚ 2-2 ਨਾਲ ਡਰਾਅ ਰਿਹਾ।