ਮਹਾਨ ਫੁੱਟਬਾਲਰ ਪੇਲੇ ਦੀ ਪੁਤਿਨ ਤੋਂ ਅਪੀਲ, ਯੂਕ੍ਰੇਨ ''ਚ ਜੰਗ ਬੰਦ ਹੋਵੇ

Friday, Jun 03, 2022 - 03:08 PM (IST)

ਮਹਾਨ ਫੁੱਟਬਾਲਰ ਪੇਲੇ ਦੀ ਪੁਤਿਨ ਤੋਂ ਅਪੀਲ, ਯੂਕ੍ਰੇਨ ''ਚ ਜੰਗ ਬੰਦ ਹੋਵੇ

ਸਾਓ ਪਾਓਲੋ- ਮਹਾਨ ਫੁੱਟਬਾਲ ਖਿਡਾਰੀ ਪੇਲੇ ਨੇ ਵਲਾਦਿਮੀਰ ਪੁਤਿਨ ਤੋਂ ਯੂਕ੍ਰੇਨ 'ਤੇ ਰੂਸੀ ਹਮਲੇ ਬੰਦ ਕਰਨ ਦੀ ਅਪੀਲ ਕੀਤੀ ਹੈ। ਕੈਂਸਰ ਦਾ ਇਲਾਜ ਕਰਾ ਰਹੇ 81 ਸਾਲਾ ਪੇਲੇ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਨਾਂ ਆਪਣਾ ਇਹ ਸੰਦੇਸ਼ ਉਸੇ ਦਿਨ ਪ੍ਰਕਾਸ਼ਿਤ ਕੀਤਾ ਹੈ ਜਦੋਂ ਵਿਸ਼ਵ ਕੱਪ ਕੁਆਲੀਫਾਇੰਗ ਮੈਚ 'ਚ ਯੂਕ੍ਰੇਨ ਨੇ ਸਕਾਟਲੈਂਡ ਨੂੰ ਹਰਾਇਆ। ਹੁਣ ਯੂਕ੍ਰੇਨ ਦਾ ਸਾਹਮਣਾ ਐਤਵਾਰ ਨੂੰ ਵੇਲਸ ਨਾਲ ਹੋਵੇਗਾ।

ਪੇਲੇ ਨੇ ਕਿਹਾ, 'ਅੱਜ ਯੂਕ੍ਰੇਨ ਨੇ ਘੱਟੋ-ਘੱਟ 90 ਮਿੰਟ ਲਈ ਦੇਸ਼ ਦੇ ਮੌਜੂਦਾ ਹਾਲਾਤ ਨੂੰ ਭੁੱਲਣ ਦੀ ਕੋਸ਼ਿਸ਼ ਕੀਤੀ। ਟੀਮ ਲਈ ਵਿਸ਼ਵ ਕੱਪ 'ਚ ਜਗ੍ਹਾ ਬਣਾਉਣਾ ਮੁਸ਼ਕਲ ਹੁੰਦਾ ਹੈ। ਲਗਭਗ ਅਸੰਭਵ ਹੀ ਕਿਉਂਕਿ ਇੰਨੀਆਂ ਜ਼ਿੰਦਗੀਆਂ ਦਾਅ 'ਤੇ ਲੱਗੀਆਂ ਹੁੰਦੀਆਂ ਹਨ। ਹਮਲਾ ਬੰਦ ਕਰੋ। ਇਸ ਹਿੰਸਾ ਨੂੰ ਕਦੀ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।' ਉਨ੍ਹਾਂ ਨੇ ਪੁਤਿਨ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਜਦੋਂ ਅਸੀਂ ਪਿਛਲੀ ਵਾਰ ਮਿਲੇ ਸੀ ਤਾਂ ਹੱਥ ਮਿਲਾਏ ਸੀ ਤੇ ਮੁਸਕੁਰਾਏ ਸੀ। ਮੈਂ ਕਦੀ ਨਹੀਂ ਸੋਚਿਆ ਸੀ ਕਿ ਸਾਡੇ ਦਰਮਿਆਨ ਅਜਿਹੇ ਮਤਭੇਦ ਹੋਣਗੇ ਜਿਸ ਤਰ੍ਹਾਂ ਦੇ ਅੱਜ ਹਨ। 

ਉਨ੍ਹਾਂ ਕਿਹਾ, ਇਸ ਜੰਗ ਨੂੰ ਰੋਕਣਾ ਤੁਹਾਡੇ ਹੱਥ 'ਚ ਹੈ। ਉਨ੍ਹਾਂ ਹੀ ਹੱਥਾਂ 'ਚ ਜੋ ਮੈਂ 2017 'ਚ ਮਾਸਕੋ 'ਚ ਮੁਲਾਕਾਤ ਦੇ ਸਮੇਂ ਤੁਹਾਡੇ ਨਾਲ ਮਿਲਾਏ ਸਨ।' ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਦੇ ਮੁਤਾਬਕ ਯੂਕ੍ਰੇਨ 'ਚ ਜਾਰੀ ਜੰਗ 'ਚ 4000 ਤੋਂ ਵੱਧ ਨਾਗਰਿਕ ਮਾਰੇ ਗਏ ਤੇ 5000 ਦੇ ਕਰੀਬ ਜ਼ਖ਼ਮੀ ਹਨ।


author

Tarsem Singh

Content Editor

Related News