ਗਲੋਬਲ ਕਬੱਡੀ ਲੀਗ : ਡੋਪ ਟੈਸਟ 'ਚ ਫੇਲ ਖਿਡਾਰੀ ਨੂੰ ਲੀਗ ਤੋਂ ਕੀਤਾ ਗਿਆ ਬਾਹਰ

10/18/2018 1:24:26 PM

ਜਲੰਧਰ— ਬਲਟਨ ਪਾਰਕ 'ਚ ਚਲ ਰਹੇ ਗਲੋਬਲ ਕਬੱਡੀ ਲੀਗ 'ਚ ਡੋਪ ਟੈਸਟ 'ਚ ਫੇਲ ਖਿਡਾਰੀ ਨੂੰ ਟੀਮ ਅਤੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਤੁਹਾਨੂੰ ਦਸ ਦਈਏ ਕਿ ਇਕ ਖਿਡਾਰੀ ਦੇ ਪੇਸ਼ਾਬ ਦੇ ਨਮੂਨੇ 'ਚ ਪਾਬੰਦੀਸ਼ੁਦਾ ਦਵਾਈ ਦੇ ਹੋਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਇਸ ਖ਼ਬਰ ਦਾ ਖੰਡਨ ਕਿਸੇ ਵੀ ਖਿਡਾਰੀ ਨੇ ਨਹੀਂ ਕੀਤਾ ਸੀ। ਬੁੱਧਵਾਰ ਨੂੰ ਵੀ ਸਰਕਾਰੀ ਅਧਿਕਾਰੀਆਂ ਦਾ ਇਹੋ ਸਟੈਂਡ ਸੀ। ਕਾਰਜਕਾਰੀ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਵੀ ਇਹੋ ਕਿਹਾ ਕਿ ਤੁਸੀਂ ਕੁਝ ਦਿਨ ਰੁਕ ਜਾਓ। ਸਾਰੀ ਰਿਪੋਰਟ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਬੈਠ ਕੇ ਜਨਤਕ ਕੀਤੀ ਜਾਵੇਗੀ। ਹਾਲਾਂਕਿ ਕੋਈ ਵੀ ਅਧਿਕਾਰੀ ਇਹ ਨਹੀਂ ਕਹਿ ਰਿਹਾ ਸੀ ਕਿ ਕੋਈ ਟੈਸਟ ਪਾਜ਼ੀਟਿਵ ਨਹੀਂ ਆਇਆ ਹੈ।

ਪਰ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਲੀਗ ਦੇ ਆਯੋਜਕ ਰਣਬੀਰ ਸਿੰਘ ਟੁੱਟ ਨੇ ਕੀਤੀ। ਟੁੱਟ ਨੇ ਦੱਸਿਆ ਕਿ ਸਾਡਾ ਸਟੈਂਡ ਸ਼ੁਰੂ ਤੋਂ ਕਲੀਅਰ ਸੀ। ਜੇਕਰ ਕੋਈ ਖਿਡਾਰੀ ਡੋਪ ਟੈਸਟ 'ਚ ਫੇਲ ਹੁੰਦਾ ਹੈ ਤਾਂ ਉਸ ਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਵੇਗਾ। ਜਿਵੇਂ ਹੀ ਸਾਨੂੰ ਰਿਪੋਰਟ ਮਿਲੀ ਅਸੀਂ ਉਸ ਨੂੰ ਡਿਸਕੁਆਲੀਫਾਈ ਕਰ ਦਿੱਤਾ। ਉਹ ਹੁਣ ਨਾ ਤਾਂ ਕਿਸੇ ਟੀਮ ਦਾ ਹਿੱਸਾ ਹੈ ਅਤੇ ਨਾ ਹੀ ਟੂਰਨਾਮੈਂਟ ਦਾ। ਜਦੋਂ ਅਸੀਂ ਖਿਡਾਰੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਤਾਕਤ ਦੇਣ ਵਾਲਾ ਪਾਊਡਰ ਲਿਆ ਸੀ। ਇਸ ਤੋਂ ਇਲਾਵਾ ਉਸ ਨੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਾਂ ਤਾਕਤ ਵਧਾਉਣ ਦੇ ਮਕਸਦ ਨਾਲ ਕੋਈ ਦਵਾਈ ਨਹੀਂ ਲਈ ਸੀ। ਖਿਡਾਰੀ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਪਾਊਡਰ 'ਚ ਕਿਸੇ ਵੀ ਤਰ੍ਹਾਂ ਦੀ ਪਾਬੰਦੀਸ਼ੁਦਾ ਦਵਾਈ ਹੈ। ਟੁੱਟ ਨੇ ਕਿਹਾ ਕਿ ਅਸੀਂ ਖਿਡਾਰੀ ਨੂੰ ਚਿਤਾਵਨੀ ਦੇ ਕੇ ਬਾਹਰ ਕੱਢਿਆ ਹੈ। ਅਜਿਹੇ 'ਚ ਖਿਡਾਰੀ ਦਾ ਨਾਂ ਜਨਤਕ ਨਹੀਂ ਕਰ ਰਹੇ। ਉਹ ਕਿਸ ਟੀਮ ਦਾ ਹੈ ਅਤੇ ਕਿੰਨੇ ਖਿਡਾਰੀਆਂ ਦਾ ਡੋਪ ਟੈਸਟ ਹੋਇਆ ਸੀ ਇਸ ਨਾਲ ਜੁੜੀ ਸਾਰੀ ਰਿਪੋਰਟ ਐਤਵਾਰ ਸ਼ਾਮ ਨੂੰ ਦਿੱਤੀ ਜਾਵੇਗੀ।


Tarsem Singh

Content Editor

Related News