ਜਰਮਨ ਫੁੱਟਬਾਲ ਸੰਘ ਨੇ ਓਜ਼ਿਲ ਦੇ ਨਸਲਵਾਦੀ ਦੋਸ਼ਾਂ ਨੂੰ ਕੀਤਾ ਖਾਰਜ

Tuesday, Jul 24, 2018 - 01:36 PM (IST)

ਜਰਮਨ ਫੁੱਟਬਾਲ ਸੰਘ ਨੇ ਓਜ਼ਿਲ ਦੇ ਨਸਲਵਾਦੀ ਦੋਸ਼ਾਂ ਨੂੰ ਕੀਤਾ ਖਾਰਜ

ਫਰੈਂਕਫਰਟ— ਜਰਮਨ ਫੁੱਟਬਾਲ ਸੰਘ (ਡੀ.ਐੱਫ.ਬੀ.) ਨੇ ਫੁੱਟਬਾਲ ਖਿਡਾਰੀ ਮੇਸੁਟ ਓਜ਼ਿਲ ਵੱਲੋਂ ਲਾਏ ਗਏ ਨਸਲਵਾਦ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ, ਪਰ ਸੰਘ ਨੇ ਇਹ ਵੀ ਮੰਨਿਆ ਕਿ ਉਹ ਖਿਡਾਰੀਆਂ ਨੂੰ ਦੁਰਵਿਵਹਾਰ ਤੋਂ ਬਚਾਉਣ ਦੇ ਲਈ ਛੇਤੀ ਕਦਮ ਉਠਾ ਸਕਦਾ ਹੈ। ਆਰਸੇਨਲ ਤੋਂ ਖੇਡਣ ਵਾਲੇ 29 ਸਾਲਾ ਮਿਡਫੀਲਡਰ ਓਜ਼ਿਲ ਨੇ ਐਤਵਾਰ ਨੂੰ ਆਪਣੇ ਖਿਲਾਫ ਕਥਿਤ ਨਸਲਵਾਦੀ ਵਿਵਹਾਰ ਦੇ ਚਲਦੇ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ।

ਓਜ਼ਿਲ ਤੁਰਕੀ ਮੂਲ ਦੇ ਜਰਮਨ ਖਿਡਾਰੀ ਹਨ। ਉਨ੍ਹਾਂ ਡੀ.ਐੱਫ.ਬੀ. ਅਹੁਦੇਦਾਰਾਂ ਅਤੇ ਮੀਡੀਆ ਦੇ ਇਕ ਹਿੱਸੇ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਦੋਂ ਅਸੀਂ ਜਿੱਤਦੇ ਹਾਂ ਤਾਂ ਮੈਂ ਜਰਮਨ ਹੋ ਜਾਂਦਾ ਹਾਂ ਅਤੇ ਜਦੋਂ ਅਸੀਂ ਹਾਰਦੇ ਹਾਂ ਤਾਂ ਮੈਨੂੰ ਪ੍ਰਵਾਸੀ ਕਰਾਰ ਦੇ ਦਿੱਤਾ ਜਾਂਦਾ ਹੈ। ਓਜ਼ਿਲ 2014 ਦੀ ਵਿਸ਼ਵ ਜੇਤੂ ਜਰਮਨ ਟੀਮ ਦੇ ਖਾਸ ਮੈਂਬਰਾਂ 'ਚੋਂ ਇਕ ਸਨ। ਉਨ੍ਹਾਂ ਨੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਐਰਦੋਆਨ ਦੇ ਨਾਲ ਤਸਵੀਰ ਖਿਚਵਾਈ ਸੀ ਜਿਸ ਕਾਰਨ ਵਿਵਾਦ ਸ਼ੁਰੂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਰਮਨੀ ਦੇ 2018 ਵਿਸ਼ਵ ਕੱਪ ਦੇ ਗਰੁੱਪ ਪੱਧਰ ਤੋਂ ਬਾਹਰ ਹੋਣ ਦੇ ਬਾਅਦ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ 'ਤੇ ਨਸਲਵਾਦੀ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ। 

ਡੀ.ਐੱਫ.ਬੀ. ਨੇ ਇਕ ਬਿਆਨ 'ਚ ਕਿਹਾ, ''ਸਾਨੂੰ ਓਜ਼ਿਲ ਦੇ ਰਾਸ਼ਟਰੀ ਟੀਮ ਤੋਂ ਜਾਣ ਦਾ ਦੁੱਖ ਹੈ। ਅਸੀਂ ਕਿਸੇ ਵੀ ਤਰ੍ਹਾਂ ਦੇ ਨਸਲਵਾਦ ਨਾਲ ਨਹੀਂ ਜੁੜੇ ਹਾਂ, ਡੀ.ਐੱਫ.ਬੀ. ਕਈ ਸਾਲਾਂ ਤੋਂ ਜਰਮਨੀ 'ਚ ਏਕੀਕਰਨ ਦਾ ਕੰਮ ਕਰ ਰਿਹਾ ਹੈ।'' ਜ਼ਿਕਰਯੋਗ ਹੈ ਕਿ ਜਰਮਨੀ ਦੀ ਟੀਮ ਵਿਸ਼ਵ ਕੱਪ ਦੇ ਅੰਤਿਮ ਗਰੁੱਪ ਮੈਚ 'ਚ ਦੱਖਣੀ ਕੋਰੀਆ ਤੋਂ 0-2 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋਈ ਸੀ।


Related News