ਗੇਲ ਨੇ ਜਿੱਤਿਆ ਮਾਣਹਾਨੀ ਦਾ ਮੁਕੱਦਮਾ

10/30/2017 10:21:14 PM

ਸਿਡਨੀ— ਵੈਸਟਇੰਡੀਜ਼ ਦਾ ਵਿਵਾਦਪੂਰਨ ਬੱਲੇਬਾਜ਼ ਕ੍ਰਿਸ ਗੇਲ ਫੇਅਰਫੈਕਸ ਮੀਡੀਆ ਵਿਰੁੱਧ ਆਪਣੇ ਮਾਣਹਾਨੀ ਦੇ ਮੁਕੱਦਮੇ 'ਚ ਜੇਤੂ ਰਿਹਾ ਹੈ।  ਨਿਊ ਸਾਊਥ ਵੇਲਸ ਦੀ ਸਰਵਉੱਚ ਅਦਾਲਤ ਨੇ ਪੁਖਤਾ ਸਬੂਤਾਂ ਦੀ ਘਾਟ 'ਚ ਕੈਰੇਬੀਆਈ ਖਿਡਾਰੀ ਦੇ ਹੱਕ 'ਚ ਆਪਣਾ ਫੈਸਲਾ ਸੁਣਾਇਆ।
ਵੈਸਟਇੰਡੀਜ਼ ਦੀ ਸਾਬਕਾ ਮਹਿਲਾ ਮਾਲਸ਼ੀਆ ਲਿਆਨ ਰਸੇਲ ਨੇ ਗੇਲ 'ਤੇ ਦੋਸ਼ ਲਾਇਆ ਸੀ ਕਿ 2015 ਵਿਸ਼ਵ ਕੱਪ ਦੌਰਾਨ ਸਿਡਨੀ ਵਿਚ ਡ੍ਰੈਸਿੰਗ ਰੂਮ 'ਚ ਗੇਲ ਉਸ ਦੇ ਸਾਹਮਣੇ ਨੰਗਾ ਹੋ ਗਿਆ ਸੀ। ਫੇਅਰਫੈਕਸ ਮੀਡੀਆ ਨੇ ਮਹਿਲਾ ਮਾਲਸ਼ੀਏ ਦੇ ਹਵਾਲੇ ਨਾਲ ਗੇਲ 'ਤੇ ਇਹ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਗੇਲ ਨੇ ਮੀਡੀਆ ਗਰੁੱਪ 'ਤੇ ਅਕਸ ਖਰਾਬ ਕਰਨ ਲਈ ਮਾਣਹਾਨੀ ਦਾ ਮੁਕੱਦਮਾ ਕੀਤਾ ਸੀ।
ਹਾਲਾਂਕਿ ਅਦਾਲਤ ਨੇ ਸਬੂਤਾਂ ਦੀ ਘਾਟ 'ਚ ਗੇਲ ਨੂੰ ਇਸ ਦੋਸ਼ ਤੋਂ ਬਰੀ ਕਰ ਦਿੱਤਾ ਹੈ, ਜਿਹੜੀ ਕ੍ਰਿਕਟਰ ਲਈ ਵੱਡੀ ਰਾਹਤ ਹੈ। ਚਾਰ ਮੈਂਬਰੀ ਬੈਂਚ ਨੇ ਦੋ ਘੰਟੇ ਤੋਂ ਘੱਟ ਸਮੇਂ ਵਿਚ ਇਸ ਮਾਮਲੇ 'ਚ ਸੁਣਵਾਈ ਤੋਂ ਬਾਅਦ ਆਪਣੇ ਫੈਸਲੇ 'ਚ ਕਿਹਾ ਕਿ ਸਿਡਨੀ ਮਾਰਨਿੰਗ ਹੇਰਾਲਡ, ਦਿ ਏਜ ਤੇ ਕੈਨਬਰਾ ਟਾਈਮਜ਼ ਪ੍ਰਕਾਸ਼ਿਤ ਕਰਨ ਵਾਲੇ ਫੇਅਰਫੈਕਸ ਮੀਡੀਆ ਦੀ ਜਨਵਰੀ 2016 'ਚ ਛਾਪੀ ਗਈ ਖਬਰ ਨੂੰ ਸਹੀ ਠਹਿਰਾਉਣ ਲਈ ਪੁਖਤਾ ਸਬੂਤ ਉਪਲੱਬਧ ਨਹੀਂ ਹਨ ਤੇ ਮੀਡੀਆ ਨੇ ਇਸ ਮਾਮਲੇ 'ਚ ਠੀਕ ਢੰਗ ਨਾਲ ਆਪਣੀ ਭੂਮਿਕਾ ਨਹੀਂ ਨਿਭਾਈ ਹੈ।
ਮਹਿਲਾ ਮਾਲਸ਼ੀਆ ਨੇ ਅਦਾਲਤ 'ਚ ਮਾਮਲੇ ਦੀ ਸੁਣਵਾਈ ਦੌਰਾਨ ਪਿਛਲੇ ਹਫਤੇ ਆਪਣੇ ਬਿਆਨ 'ਚ ਕਿਹਾ ਸੀ ਕਿ ਗੇਲ ਨੇ ਡ੍ਰੈਸਿੰਗ ਰੂਮ 'ਚ ਉਸ ਦੇ ਸਾਹਮਣੇ ਆਪਣਾ ਤੌਲੀਆ ਉਤਾਰ ਦਿੱਤਾ ਸੀ ਤੇ ਉਹ ਪੂਰੀ ਤਰ੍ਹਾਂ ਨੰਗਾ ਹੋ ਗਿਆ ਸੀ, ਹਾਲਾਂਕਿ ਨਾ ਸਿਰਫ ਗੇਲ ਸਗੋਂ ਉਸ ਦੇ ਟੀਮ ਸਾਥੀ ਡਵੇਨ ਸਮਿਥ ਨੇ ਵੀ ਡ੍ਰੈਸਿੰਗ ਰੂਮ ਵਿਚ ਇਸ ਤਰ੍ਹਾਂ ਦੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਸੀ। ਰਸੇਲ ਨੇ ਇਸ ਤੋਂ ਬਾਅਦ 'ਦਿ ਏਜ' ਦੇ ਖੇਡ ਸੰਪਾਦਕ ਨਾਲ ਇਸ ਖਬਰ ਨੂੰ ਪ੍ਰਕਾਸ਼ਿਤ ਕਰਨ ਲਈ ਸੰਪਰਕ ਕੀਤਾ ਸੀ। ਰਸੇਲ ਨੇ ਸਮਿਥ 'ਤੇ ਵੀ ਦੋਸ਼ ਲਾਇਆ ਸੀ ਕਿ ਉਸ ਨੇ ਵੀ 'ਸੈਕਸੀ' ਸ਼ਬਦ ਦੀ ਵਰਤੋਂ ਕਰਦਿਆਂ ਉਸ ਨੂੰ ਫੋਨ 'ਤੇ ਸੰਦੇਸ਼ ਭੇਜਿਆ ਸੀ। 
ਹਾਲਾਂਕਿ ਅਦਾਲਤ ਨੇ ਗੇਲ ਦੇ ਹੱਕ ਵਿਚ ਆਪਣਾ ਫੈਸਲਾ ਸੁਣਾਇਆ, ਜਿਸ ਤੋਂ ਬਾਅਦ ਗੇਲ ਅਦਾਲਤ ਦੇ ਬਾਹਰ ਕਾਫੀ ਖੁਸ਼ ਤੇ ਸੰਤੁਸ਼ਟ ਦਿਖਾਈ ਦਿੱਤਾ। ਉਸ ਨੇ ਕਿਹਾ ਕਿ ਮੈਂ ਇਕ ਚੰਗਾ ਵਿਅਕਤੀ ਹਾਂ ਤੇ ਮੈਂ ਦੋਸ਼ੀ ਨਹੀਂ ਹਾਂ। ਕੈਰੇਬੀਆਈ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ ਸਮੇਤ ਦੁਨੀਆ ਭਰ ਦੀਆਂ ਵੱਖ-ਵੱਖ ਟੀ-20 ਲੀਗਜ਼ 'ਚ ਖੇਡਦਾ ਹੈ ਤੇ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਬਾਅਦ ਉਸ ਦੇ ਅਕਸ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ।


Related News