ਭਾਰਤ ਮਜ਼ਬੂਤ ਪਰ ਪਾਕਿਸਤਾਨ ਨੂੰ ਕਮਜ਼ੋਰ ਸਮਝਣਾ ਮੂਰਖਤਾ ਹੋਵੇਗੀ: ਕ੍ਰਿਸ ਗੇਲ

06/09/2024 4:02:11 PM

ਨਿਊਯਾਰਕ- ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਕ੍ਰਿਸ ਗੇਲ ਨੇ ਐਤਵਾਰ ਨੂੰ ਪਾਕਿਸਤਾਨ ਖਿਲਾਫ ਟੀ-20 ਵਿਸ਼ਵ ਕੱਪ ਦੇ ਮਹੱਤਵਪੂਰਨ ਮੈਚ 'ਚ ਭਾਰਤ ਨੂੰ ਜਿੱਤ ਦਾ ਮਜ਼ਬੂਤ ​​ਦਾਅਵੇਦਾਰ ਦੱਸਿਆ। ਭਾਰਤ ਨੇ ਇਸ ਆਈ.ਸੀ.ਸੀ. ਟੂਰਨਾਮੈਂਟ ਵਿੱਚ ਆਇਰਲੈਂਡ 'ਤੇ ਜਿੱਤ ਦੇ ਨਾਲ ਚੰਗੀ ਸ਼ੁਰੂਆਤ ਕੀਤੀ, ਜਦਕਿ ਪਾਕਿਸਤਾਨ ਨੂੰ ਸਹਿ-ਮੇਜ਼ਬਾਨ ਅਮਰੀਕਾ ਤੋਂ ਸੁਪਰ ਓਵਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਗੇਲ ਨੇ ਐਤਵਾਰ ਨੂੰ ਖੇਡੇ ਜਾਣ ਵਾਲੇ ਮੈਚ ਨੂੰ ਲੈ ਕੇ ਆਈ.ਸੀ.ਸੀ. ਨੂੰ ਕਿਹਾ ਕਿ ਉਨ੍ਹਾਂ (ਪਾਕਿਸਤਾਨ) ਦੀ ਟੀਮ ਦਾ ਮਨੋਬਲ ਡਿੱਗਿਆ ਹੋਇਆ ਹੈ ਅਤੇ ਉਲਟਫੇਰ ਹਾਰ ਤੋਂ ਬਾਅਦ ਭਾਰਤ ਵਰਗੀ ਰਵਾਇਤੀ ਤੌਰ 'ਤੇ ਮਜ਼ਬੂਤ ​​ਟੀਮ ਖਿਲਾਫ ਸਿੱਧਾ ਖੇਡਣਾ ਵੱਡੀ ਚੁਣੌਤੀ ਹੈ।
ਗੇਲ ਨੇ ਹਾਲਾਂਕਿ ਮੰਨਿਆ ਕਿ ਗੁਆਂਢੀ ਦੇਸ਼ਾਂ ਵਿਚਾਲੇ ਸੁਸਤ ਮੁਕਾਬਲੇ ਬਾਰੇ ਸੋਚਣਾ ਮੂਰਖਤਾ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਜਿੱਤ ਦਾ ਮਜ਼ਬੂਤ ​​ਦਾਅਵੇਦਾਰ ਹੋਵੇਗਾ ਪਰ ਇਹ ਭਾਰਤ ਬਨਾਮ ਪਾਕਿਸਤਾਨ ਦਾ ਵਿਸ਼ਵ ਕੱਪ ਮੁਕਾਬਲਾ ਹੈ। ਤੁਸੀਂ ਕੁਝ ਵੀ ਹਲਕੇ 'ਚ ਨਹੀਂ ਲੈ ਸਕਦੇ। ਜਮੈਕਾ ਦੇ ਇਸ ਹਮਲਾਵਰ ਬੱਲੇਬਾਜ਼ ਨੇ ਕਿਹਾ ਕਿ ਭਾਰਤ ਨੂੰ ਚੁਣੌਤੀ ਦੇਣ ਲਈ ਪਾਕਿਸਤਾਨ ਨੂੰ ਇਕਜੁੱਟ ਹੋ ਕੇ ਖੇਡਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਪਾਕਿਸਤਾਨ ਦਾ ਸਵਾਲ ਹੈ, ਉਨ੍ਹਾਂ ਕੋਲ ਹੁਣ ਬਰਬਾਦ ਕਰਨ ਦਾ ਸਮਾਂ ਨਹੀਂ ਹੈ। ਉਨ੍ਹਾਂ ਨੂੰ ਨਿਊਯਾਰਕ ਸਿਟੀ 'ਚ ਭਾਰਤ ਦੇ ਖਿਲਾਫ ਟੂਰਨਾਮੈਂਟ ਦੇ ਸਭ ਤੋਂ ਵੱਡੇ ਮੈਚ ਲਈ ਦੁਬਾਰਾ ਇਕੱਠੇ ਹੋਣਾ ਹੋਵੇਗਾ। ਇਸ ਦਾ ਮਹੱਤਵ ਹੁਣ (ਅਮਰੀਕਾ ਦੀ ਹਾਰ ਤੋਂ ਬਾਅਦ) ਹੋਰ ਵੀ ਵੱਧ ਗਿਆ ਹੈ। ਜੇਕਰ ਪਾਕਿਸਤਾਨ ਦੀ ਟੀਮ ਇਹ ਮੈਚ ਹਾਰ ਜਾਂਦੀ ਹੈ ਤਾਂ ਉਨ੍ਹਾਂ ਦਾ ਗਰੁੱਪ ਗੇੜ ਤੋਂ ਹੀ ਬਾਹਰ ਹੋਣ ਦਾ ਖ਼ਤਰਾ ਰਹੇਗਾ।
ਗੇਲ ਨੇ ਅਮਰੀਕਾ ਦੀ ਟੀਮ ਦੀ ਵੀ ਤਾਰੀਫ ਕੀਤੀ, ਜੋ ਇਸ ਸਮੇਂ ਕੈਨੇਡਾ ਅਤੇ ਪਾਕਿਸਤਾਨ 'ਤੇ ਜਿੱਤ ਤੋਂ ਬਾਅਦ ਗਰੁੱਪ ਏ ਦੇ ਅੰਕ ਸੂਚੀ 'ਚ ਸਿਖਰ 'ਤੇ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਤੇ ਅਮਰੀਕਾ ਦੀ ਜਿੱਤ ਤੋਂ ਮੈਂ ਵੀ ਬਹੁਤ ਪ੍ਰਭਾਵਿਤ ਹੋਇਆ ਹਾਂ। ਇਹ ਇੱਕ ਬਹੁਤ ਵੱਡਾ ਨਤੀਜਾ ਹੈ ਜੋ ਨਾ ਸਿਰਫ਼ ਉਨ੍ਹਾਂ ਲਈ ਅਵਿਸ਼ਵਾਸ਼ਯੋਗ ਹੈ ਬਲਕਿ ਪੂਰੇ ਕ੍ਰਿਕਟ ਲਈ ਬਹੁਤ ਵੱਡਾ ਹੈ। ਤੁਸੀਂ ਹਮੇਸ਼ਾ ਵਿਸ਼ਵ ਕੱਪ ਵਿੱਚ ਕੁਝ ਉਲਟਫੇਰ ਦੀ ਉਮੀਦ ਕਰਦੇ ਹੋ ਅਤੇ ਅਮਰੀਕਾ ਨੇ ਕੈਨੇਡਾ ਦੇ ਨਾਲ-ਨਾਲ ਇਸ ਵਾਰ ਪਾਕਿਸਤਾਨ ਨੂੰ ਹਰਾਇਆ। ਟੈਕਸਾਸ ਦਾ ਮਾਹੌਲ ਬਹੁਤ ਵਧੀਆ ਮਹਿਸੂਸ ਹੋਇਆ ਅਤੇ ਮੈਨੂੰ ਲੱਗਦਾ ਹੈ ਕਿ ਇਹ ਉਸ ਦਿਨ ਦਾ ਪ੍ਰਤੀਕ ਸੀ ਜਦੋਂ ਵਿਸ਼ਵ ਕੱਪ ਅਸਲ ਵਿੱਚ ਸ਼ੁਰੂ ਹੋਇਆ ਸੀ। ਉਹ ਯਕੀਨੀ ਤੌਰ 'ਤੇ ਸੁਪਰ 8 ਤੱਕ ਪਹੁੰਚ ਸਕਦੇ ਹਨ।


Aarti dhillon

Content Editor

Related News