ਭਾਰਤ ਕ੍ਰਿਕਟ ਚਲਾਉਂਦਾ ਹੈ, ਉਨ੍ਹਾਂ ਨਾਲ ਕੋਈ ਗੱਲ ਨਹੀਂ ਕਰ ਸਕਦਾ: ਕ੍ਰਿਸ ਗੇਲ ਦਾ ਤਿੱਖਾ ਜਵਾਬ

Wednesday, Jun 26, 2024 - 12:57 PM (IST)

ਭਾਰਤ ਕ੍ਰਿਕਟ ਚਲਾਉਂਦਾ ਹੈ, ਉਨ੍ਹਾਂ ਨਾਲ ਕੋਈ ਗੱਲ ਨਹੀਂ ਕਰ ਸਕਦਾ: ਕ੍ਰਿਸ ਗੇਲ ਦਾ ਤਿੱਖਾ ਜਵਾਬ

ਸਪੋਰਟਸ ਡੈਸਕ : ਕ੍ਰਿਕੇਟ ਆਈਕਨ ਕ੍ਰਿਸ ਗੇਲ ਦਾ ਕਹਿਣਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਕ੍ਰਿਕਟ ਜਗਤ ਵਿਚ ਸਰਵਉੱਚ ਹੈ ਅਤੇ ਇਸ ਦੇ ਅਧਿਕਾਰ ਨੂੰ ਚੁਣੌਤੀ ਦੇਣ ਦਾ ਕੋਈ ਦਾਅਵੇਦਾਰ ਨਹੀਂ ਹੈ। ਗੇਲ ਨੇ ਮੌਕੇ 'ਤੇ ਹੀ ਫ੍ਰੈਂਚਾਇਜ਼ੀ ਟੂਰਨਾਮੈਂਟਾਂ ਲਈ ਇਕ ਵੱਖਰੀ ਸਮੇਂ ਸੀਮਾ ਲਾਗੂ ਕਰਨ ਦਾ ਸੁਝਾਅ ਦਿੱਤਾ, ਜੋ ਅੰਤਰ-ਰਾਸ਼ਟਰੀ ਪ੍ਰੋਗਰਾਮਾਂ ਦੇ ਸ਼ਡਿਊਲ ਤੋਂ ਵੱਖ ਹੋਣ। ਗੇਲ ਨੂੰ ਇਹ ਸਵਾਲ ਇਸ ਲਈ ਪੁੱਛਿਆ ਗਿਆ ਸੀ ਕਿਉਂਕਿ ਆਈਪੀਐੱਲ ਖਤਮ ਹੋਣ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਪਾਕਿਸਤਾਨ ਦੇ ਖਿਲਾਫ ਟੀ-20 ਸੀਰੀਜ਼ ਖੇਡਣ ਗਈ ਸੀ।
ਗੇਲ ਨੇ ਕਿਹਾ ਕਿ ਜਦੋਂ ਆਈਪੀਐੱਲ ਚੱਲ ਰਿਹਾ ਹੈ ਤਾਂ ਤੁਸੀਂ ਅਜਿਹੇ ਖਿਡਾਰੀਆਂ ਨੂੰ ਦੇਖਦੇ ਹੋ ਜਿਨ੍ਹਾਂ ਨੂੰ ਆਪਣੇ ਦੇਸ਼ ਲਈ ਖੇਡਣ ਲਈ ਟੂਰਨਾਮੈਂਟ ਛੱਡਣਾ ਪੈਂਦਾ ਹੈ। ਜੇਕਰ ਤੁਹਾਡੇ ਕੋਲ ਆਈਪੀਐੱਲ ਵਿੰਡੋ ਹੈ ਤਾਂ ਸਿਰਫ਼ ਉਸ ਵਿੰਡੋ ਵਿੱਚ ਆਈਪੀਐੱਲ ਹੋਣੀ ਚਾਹੀਦੀ ਹੈ। ਤੁਹਾਨੂੰ ਉਸ ਸਮੇਂ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਣਾ ਚਾਹੀਦਾ, ਕਿਉਂਕਿ ਸਿਰਫ ਇੱਕ ਹੀ ਟੀਮ ਹੈ ਜਿਸ ਨੂੰ ਫਾਇਦਾ ਹੋਣ ਵਾਲਾ ਹੈ ਅਤੇ ਉਹ ਹੈ ਭਾਰਤ। ਇਹ ਅਣਉਚਿਤ ਹੈ ਤੁਹਾਡੇ ਕੋਲ ਅਜਿਹਾ ਸਿਸਟਮ ਨਹੀਂ ਹੋ ਸਕਦਾ।
ਗੇਲ ਨੇ ਕਿਹਾ ਕਿ ਜੇਕਰ ਇਸ ਸਮੇਂ ਵਿਸ਼ਵ ਕੱਪ ਲਈ ਕੋਈ ਵਿੰਡੋ ਹੈ ਤਾਂ ਸਿਰਫ ਇਹੀ ਹੋਣੀ ਚਾਹੀਦੀ ਹੈ ਹੋਰ ਕੁਝ ਨਹੀਂ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਤਿਹਾਸ ਦੀ ਸਭ ਤੋਂ ਵੱਡੀ ਫ੍ਰੈਂਚਾਇਜ਼ੀ ਲਈ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀ ਆਈਪੀਐੱਲ 'ਚ ਖੇਡਣ, ਤਾਂ ਤੁਹਾਨੂੰ ਅੰਤਰਰਾਸ਼ਟਰੀ ਕ੍ਰਿਕਟ ਦੇ ਦਖਲ ਤੋਂ ਬਿਨਾਂ ਉਸ ਖਾਸ ਵਿੰਡੋ 'ਚ ਖੇਡਣ ਦੀ ਇਜਾਜ਼ਤ ਦੇਣੀ ਪਵੇਗੀ। ਤੁਸੀਂ ਖਿਡਾਰੀਆਂ ਨੂੰ ਇੰਨੇ ਵੱਡੇ ਫਰੈਂਚਾਇਜ਼ੀ ਟੂਰਨਾਮੈਂਟ ਤੋਂ ਬਾਹਰ ਨਹੀਂ ਕਰ ਸਕਦੇ ਕਿਉਂਕਿ ਇਹ ਅਨੁਚਿਤ ਅਤੇ ਇਕਪਾਸੜ ਹੈ।
ਗੇਲ ਨੇ ਇਹ ਵੀ ਕਿਹਾ ਕਿ ਬੀਸੀਸੀਆਈ ਅੱਗੇ ਆਪਣੀਆਂ ਮੰਗਾਂ ਰੱਖਣੀਆਂ ਬੇਕਾਰ ਹਨ ਕਿਉਂਕਿ ਉਹ ਕ੍ਰਿਕਟ ਦੇ ਮੈਦਾਨ ਨੂੰ ਕੰਟਰੋਲ ਕਰਦੇ ਹਨ। ਗੇਲ ਨੂੰ ਜਦੋਂ ਖਿਡਾਰੀਆਂ ਵੱਲੋਂ ਆਪਣੀਆਂ ਮੰਗਾਂ ਪੇਸ਼ ਕਰਨ ਲਈ ਗਰੁੱਪ ਬਣਾਉਣ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਨੂੰ ਵਿਅਰਥ ਕਰਾਰ ਦਿੱਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਭਾਰਤ ਨਾਲ ਕੋਈ ਵੀ ਗੱਲ ਨਹੀਂ ਕਰ ਸਕਦਾ। ਭਾਰਤ ਕ੍ਰਿਕਟ ਚਲਾਉਂਦਾ ਹੈ, ਤੁਸੀਂ ਜਾਣਦੇ ਹੋ? ਇਹ ਇੱਕ ਤੱਥ ਹੈ। ਕੌਣ ਭਾਰਤ ਨਾਲ ਗੱਲ ਕਰੇਗਾ? ਕੌਣ ਭਾਰਤ ਨੂੰ ਲਲਕਾਰੇਗਾ? ਕੋਈ ਵੀ ਨਹੀਂ। ਉਹ ਕ੍ਰਿਕਟ ਨੂੰ ਕੰਟਰੋਲ ਕਰਦੇ ਹਨ। ਕ੍ਰਿਸ ਗੇਲ ਆਈਪੀਐੱਲ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਦੀ ਯਾਤਰਾ 2009 ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨਾਲ ਸ਼ੁਰੂ ਹੋਈ ਸੀ, ਅਤੇ ਉਨ੍ਹਾਂ ਨੇ 2021 ਵਿੱਚ ਪੰਜਾਬ ਕਿੰਗਜ਼ (ਪੀਬੀਕੇਐੱਸ) ਦੀ ਨੁਮਾਇੰਦਗੀ ਕਰਦੇ ਹੋਏ ਆਪਣਾ ਆਈਪੀਐੱਲ ਕਾਰਜਕਾਲ ਪੂਰਾ ਕੀਤਾ।


author

Aarti dhillon

Content Editor

Related News