ਗਾਰਡਨਰ ਨੇ ਖੇਡੀ 73 ਦੌੜਾਂ ਦੀ ਸ਼ਾਨਦਾਰ ਪਾਰੀ, ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਪਹਿਲੇ ਟੀ-20 ਮੈਚ ’ਚ ਹਰਾਇਆ

03/28/2021 4:53:05 PM

ਹੈਮਿਲਟਨ : ਐਸ਼ਲੇਗ ਗਾਰਡਨਰ ਦੀ ਅਜੇਤੂ 73 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਪਹਿਲੇ ਟੀ-20 ਮੁਕਾਬਲੇ ’ਚ ਐਤਵਾਰ ਆਸਾਨੀ ਨਾਲ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ ਹੈ।
ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 6 ਵਿਕਟਾਂ ’ਤੇ 130 ਦੌੜਾਂ ਬਣਾਈਆਂ, ਜਦਕਿ ਆਸਟਰੇਲੀਆ ਵਲੋਂ ਜੇਸ ਜਾਨਸਨ ਨੇ ਆਪਣੇ 4 ਓਵਰਾਂ ’ਚ ਸਿਰਫ 26 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਨਿਊਜ਼ੀਲੈਂਡ ਵਲੋਂ ਐਮੀ ਸੈਟਰਥਵੇਟ ਨੇ 31 ਗੇਂਦਾਂ ’ਚ 5 ਚੌਕਿਆਂ ਅਤੇ ਇਕ ਛੱਕੇ ਨਾਲ ਸਭ ਤੋਂ ਵੱਧ 40 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ- ਵੈਸਟਇੰਡੀਜ਼-ਆਸਟਰੇਲੀਆ ਵਰਗਾ ਦਬਦਬਾ ਬਣਾ ਸਕਦੈ ਭਾਰਤ : ਇਆਨ ਚੈਪਲ

ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਨੇ ਤਿੰਨ ਵਿਕਟਾਂ ਚੌਥੇ ਓਵਰ ਤਕ ਗੁਆ ਦਿੱਤੀਆਂ ਸਨ ਪਰ ਐਸ਼ਲੇਗ ਗਾਰਡਨਰ ਨੇ ਫਿਰ ਮੋਰਚਾ ਸੰਭਾਲ ਕੇ ਖੇਡਦਿਆਂ ਕਪਤਾਨ ਮੇਗ ਲੇਨਿੰਗ ਨਾਲ ਚੌਥੀ ਵਿਕਟ ਲਈ 48 ਦੌੜਾਂ ਅਤੇ ਪੈਰੀ ਨਾਲ ਪੰਜਵੀਂ ਵਿਕਟ ਦੀ ਅਜੇਤੂ ਸਾਂਝੇਦਾਰੀ ’ਚ 71 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਆਸਟਰੇਲੀਆ ਨੇ 18 ਓਵਰਾਂ ’ਚ 4 ਵਿਕਟਾਂ ’ਤੇ 133 ਦੌੜਾਂ ਬਣਾ ਕੇ ਮੈਚ ਨੂੰ ਦੋ ਓਵਰ ਪਹਿਲਾਂ ਹੀ ਖਤਮ ਕਰ ਦਿੱਤਾ।

‘ਪਲੇਅਰ ਆਫ ਦਿ ਮੈਚ’ ਬਣੀ ਗਾਰਡਨਰ ਨੇ ਸਿਰਫ 48 ਗੇਂਦਾਂ ’ਤੇ ਅਜੇਤੂ 73 ਦੌੜਾਂ ’ਚ 6 ਚੌਕੇ ਅਤੇ ਤਿੰਨ ਛੱਕੇ ਲਾਏ। ਕਪਤਾਨ ਲੇਨਿੰਗ ਨੇ 28 ਗੇਂਦਾਂ ’ਤੇ 28 ਦੌੜਾਂ ’ਚ 2 ਚੌਕੇ ਅਤੇ ਇਕ ਛੱਕਾ ਮਾਰਿਆ, ਜਦਕਿ ਪੈਰੀ ਨੇ 16 ਗੇਂਦਾਂ ’ਤੇ ਅਜੇਤੂ 23 ਦੌੜਾਂ ’ਚ 3 ਚੌਕੇ ਮਾਰੇ।


Anuradha

Content Editor

Related News